ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਨਾਲ ‘ਵੱਡੇ ਸਮਝੌਤੇ ਨੂੰ ਉਹ ਅਗਾਂਹ ਲਈ ਬਚਾ ਕੇ ਰੱਖ ਰਹੇ ਹਨ’, ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਸ ਦੇ ਸਹੀਬੱਧ ਹੋਣ ਬਾਰੇ ਹਾਲੇ ਕਿਹਾ ਨਹੀਂ ਜਾ ਸਕਦਾ। ਟਰੰਪ ਨੇ ਇਸ ਬਿਆਨ ਰਾਹੀਂ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਪਹਿਲੇ ਨਵੀਂ ਦਿੱਲੀ ਦੌਰੇ ਦੌਰਾਨ ਕਿਸੇ ਦੁਵੱਲੇ ਵਪਾਰ ਸਮਝੌਤੇ ’ਤੇ ਸਹੀ ਪੈਣ ਦੇ ਆਸਾਰ ਮੱਧਮ ਹਨ। ਡੋਨਲਡ ਟਰੰਪ ਆਪਣੀ ‘ਪਹਿਲਾਂ ਅਮਰੀਕਾ’ ਵਾਲੀ ਨੀਤੀ ’ਤੇ ਹੀ ਜ਼ੋਰ ਦੇ ਰਹੇ ਹਨ। ਅਮਰੀਕੀ ਵਸਤਾਂ ’ਤੇ ‘ਉੱਚਾ ਦਰਾਮਦ ਕਰ’ ਲਾਉਣ ’ਤੇ ਭਾਰਤ ਨੂੰ ਉਹ ਪਹਿਲਾਂ ‘ਟੈਰਿਫ਼ ਕਿੰਗ’ ਗਰਦਾਨ ਚੁੱਕੇ ਹਨ। ਭਾਰਤ-ਅਮਰੀਕਾ ਵਪਾਰ ਸਬੰਧਾਂ ਬਾਰੇ ਵੀ ਟਰੰਪ ਨਿਰਾਸ਼ਾ ਜਤਾ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 25 ਫਰਵਰੀ ਨੂੰ ਰੱਖਿਆ ਤੇ ਵਪਾਰ ਸੈਕਟਰ ’ਚ ਸਾਂਝ ਹੋਰ ਵਧਾਉਣ ਬਾਰੇ ਗੱਲਬਾਤ ਕਰਨਗੇ। ਰੱਖਿਆ ਸੈਕਟਰ ਬਾਰੇ ਕੁਝ ਸਮਝੌਤੇ ਵੀ ਦੋਵਾਂ ਧਿਰਾਂ ਵਿਚਾਲੇ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ 24 ਤੇ 25 ਫਰਵਰੀ ਨੂੰ ਭਾਰਤ ਦੌਰੇ ’ਤੇ ਆ ਰਹੇ ਹਨ। ਜਾਇੰਟ ਬੇਸ ਐਂਡਰਿਊਜ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਭਾਰਤ ਨਾਲ ਵਪਾਰ ਸਮਝੌਤੇ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿਚ ਇਹ ਟਿੱਪਣੀਆਂ ਕੀਤੀਆਂ ਹਨ। ਟਰੰਪ ਨੇ ਕਿਹਾ ‘ਭਾਰਤ ਨਾਲ ਅਸੀਂ ਬਹੁਤ ਵੱਡਾ ਸਮਝੌਤਾ ਕਰ ਰਹੇ ਹਾਂ। ਅਸੀਂ ਕਰਾਂਗੇ। ਮੈਨੂੰ ਹਾਲੇ ਇਹ ਨਹੀਂ ਪਤਾ ਕਿ ਕੀ ਇਹ ਚੋਣਾਂ ਤੋਂ ਪਹਿਲਾਂ ਸੰਭਵ ਹੈ, ਪਰ ਅਸੀਂ ਭਾਰਤ ਨਾਲ ਵੱਡਾ ਸਮਝੌਤਾ ਕਰਾਂਗੇ।’ ਹਾਲਾਂਕਿ ਟਰੰਪ ਨੇ ਨਾਲ ਹੀ ਕਿਹਾ ਕਿ ‘ਭਾਰਤ ਸਾਡੇ ਨਾਲ ਕੋਈ ਬਹੁਤਾ ਚੰਗਾ ਵਿਹਾਰ ਨਹੀਂ ਕਰ ਰਿਹਾ।’ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਪਸੰਦ ਕਰਦੇ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਤੇ ਭਾਰਤ ‘ਵਪਾਰ ਪੈਕੇਜ’ ਉਤੇ ਸਹੀ ਪਾ ਸਕਦੇ ਹਨ। ਸੂਤਰਾਂ ਮੁਤਾਬਕ ਭਾਰਤ ਨਾਲ ਵਪਾਰ ਬਾਰੇ ਅਮਰੀਕੀ ਦੇ ਨੁਮਾਇੰਦੇ ਰੌਬਰਟ ਲਾਈਟਹਾਈਜ਼ਰ ਸ਼ਾਇਦ ਟਰੰਪ ਦੇ ਨਾਲ ਨਾ ਆਉਣ। ਵਣਜ ਮੰਤਰੀ ਪਿਊਸ਼ ਗੋਇਲ ਤੇ ਲਾਈਟਹਾਈਜ਼ਰ ਵਿਚਾਲੇ ਕੁਝ ਹਫ਼ਤਿਆਂ ਤੋਂ ਫੋਨ ’ਤੇ ਗੱਲਬਾਤ ਹੋ ਰਹੀ ਹੈ। ਕੂਟਨੀਤਕ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਦੋਵੇਂ ਮੁਲਕ ਕੱਚੇ ਤੇਲ ਦੀ ਸਪਲਾਈ ਬਾਰੇ ਸਮਝੌਤੇ ’ਤੇ ਸਹੀ ਪਾ ਸਕਦੇ ਹਨ। ਅਮਰੀਕੀ ਤੇਲ ਕੰਪਨੀਆਂ ਭਾਰਤੀ ਕੰਪਨੀਆਂ ਲਈ ਖਿੱਚਵੀਂ ਪੇਸ਼ਕਸ਼ ਰੱਖ ਸਕਦੀਆਂ ਹਨ। ਹਾਲਾਂਕਿ ਲੰਮੀ ਦੂਰੀ ਤੇ ਉੱਚੇ ਕਿਰਾਏ ਵੀ ਦੋ ਪੱਖ ਹਨ। ਅਮਰੀਕੀ ਕੰਪਨੀਆਂ 5 ਡਾਲਰ ਪ੍ਰਤੀ ਬੈਰਲ ਤੱਕ ਛੋਟ ਦੇ ਸਕਦੀਆਂ ਹਨ। ਫ਼ਿਲਹਾਲ ਭਾਰਤ ਦੀ ਜ਼ਿਆਦਾਤਰ ਤੇਲ ਦਰਾਮਦ ਦੁਬਈ ਤੋਂ ਹੈ। ਹੋਰ ਛੋਟਾਂ ਵੀ ਦਿੱਤੀਆਂ ਜਾ ਸਕਦੀਆਂ ਹਨ।
HOME ਟਰੰਪ ਦੇ ਦੌਰੇ ਦੌਰਾਨ ਵਪਾਰ ਸਮਝੌਤੇ ਦੇ ਆਸਾਰ ਮੱਧਮ