ਸ਼ਿਕਾਗੋ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁਲਕ ਵਿੱਚ ਹੋਏ ਹਾਲੀਆ ਪ੍ਰਦਰਸ਼ਨਾਂ ਪਿੱਛੇ ਕੁਝ ਤਾਕਤਵਾਰ ਲੋਕਾਂ ਦਾ ਹੱਥ ਹੋਣ ਦੀ ਜਿਸ ‘ਸਾਜ਼ਿਸ਼ੀ ਥਿਊਰੀ’ ਦਾ ਦਾਅਵਾ ਕੀਤਾ ਜਾ ਰਿਹੈ, ਉਹ ਜਾਂਚ ਦੌਰਾਨ ਖਰੀ ਉਤਰਦੀ ਨਹੀਂ ਜਾਪਦੀ। ਇਸ ਸਾਲ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਫੇਸਬੁੱਕ ਤੇ ਟਵਿੱਟਰ ’ਤੇ ਪਾਈਆਂ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਿਆਹਫਾਮ ਅਮਰੀਕੀਆਂ ਦੀ ਮੌਤ ਮਗਰੋਂ ਨਸਲੀ ਨਿਆਂ ਦੀ ਮੰਗ ਲਈ ਹੋਏ ਰੋਸ ਮੁਜ਼ਾਹਰਿਆਂ ਲਈ ਬਾਹਰੋਂ ਲੋਕ ਲਿਆਂਦੇ ਗਏ ਤੇ ਇਸ ਪਿੱਛੇ ਕੁਝ ਜ਼ੋਰਾਵਰ ਲੋਕਾਂ ਦਾ ਹੱਥ ਹੈ।
ਅਮਰੀਕੀ ਸਦਰ ਡੋਨਲਡ ਟਰੰਪ ਨੇ ਸੋਮਵਾਰ ਨੂੰ ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਰਿਪਬਲਿਕਨਾਂ ਦੀ ਕੌਮੀ ਕਨਵੈਨਸ਼ਨ ਦੌਰਾਨ ਵਾਸ਼ਿੰਗਟਨ ਵਿੱਚ ਹੋਏ ਪ੍ਰਦਰਸ਼ਨਾਂ ਪਿੱਛੇ ਕੁਝ ਅਸਪਸ਼ਟ ਤਾਕਤਾਂ ਦਾ ਹੱਥ ਸੀ। ਟਰੰਪ ਨੇ ਕਿਹਾ, ‘ਇਸ ਹਫ਼ਤੇ ਇਕ ਸ਼ਹਿਰ ਤੋਂ ਕੁਝ ਲੋਕ ਚੜ੍ਹੇ। ਜਹਾਜ਼ ਠੱਗਾਂ ਨਾਲ ਲੱਦਿਆ ਹੋਇਆ ਸੀ, ਜਿਨ੍ਹਾਂ ਨੇ ਕਾਲੇ ਰੰਗ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ।’ ਟਰੰਪ ਨੇ ਹਾਲਾਂਕਿ ਕਿਹਾ ਕਿ ਇਹ ਮਾਮਲਾ ਜਾਂਚ ਅਧੀਨ ਹੈ। ਉਧਰ ਪੱਤਰਕਾਰਾਂ ਨੇ ਟਰੰਪ ਤੋਂ ਜਦੋਂ ਇਸ ਬਾਰੇ ਹੋਰ ਤਫ਼ਸੀਲ ਮੰਗੀ ਤਾਂ ਉਹ ਇਹ ਕਹਿਣ ਲੱਗੇ ਕਿ ਉਨ੍ਹਾਂ ਕੋਲ ਇਕ ਚਸ਼ਮਦੀਦ ਮੌਜੂਦ ਹੈ, ਪਰ ਉਨ੍ਹਾਂ ਨੂੰ ਵੇਖਣਾ ਹੋਵੇੇਗਾ ਕਿ ਇਹ ਵਿਅਕਤੀ ਮੀਡੀਆ ਅੱਗੇ ਬੋਲਣ ਲਈ ਤਿਆਰ ਹੈ ਜਾਂ ਨਹੀਂ। ਪਰ ਇਸ ਖ਼ਬਰ ਏਜੰਸੀ ਵੱਲੋਂ ਅਦਾਲਤੀ ਤੇ ਰੁਜ਼ਗਾਰ ਦੇ ਪੁਰਾਣੇ ਰਿਕਾਰਡ ਅਤੇ ਸੋਸ਼ਲ ਮੀਡੀਆ ਪੋਸਟਾਂ ਦੀ ਕੀਤੀ ਸਮੀਖਿਆ ਤੋਂ ਸਾਫ਼ ਹੈ ਕਿ ਅਮਰੀਕੀ ਸਦਰ ਦੇ ਸਾਜ਼ਿਸ਼ੀ ਥਿਊਰੀ ਦੇ ਦਾਅਵੇ ਹਕੀਕੀ ਰੂਪ ਵਿੱਚ ਖਰੇ ਨਹੀਂ ਉਤਰਦੇ।