ਵਾਸ਼ਿੰਗਟਨ (ਸਮਾਜ ਵੀਕਲੀ) : ਡੈਮੋਕਰੈਟਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਉਤੇ ਨਸਲੀ ਤਣਾਅ ਭੜਕਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਅਜਿਹਾ ਕਰ ਕੇ ਆਪਣੀ ਚੋਣ ਮੁਹਿੰਮ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ। ਡੈਮੋਕਰੈਟਾਂ ਨੇ ਕਿਹਾ ਕਿ ਰਾਸ਼ਟਰਪਤੀ ਅਸ਼ਾਂਤੀ ਪੈਦਾ ਕਰਨਾ ਚਾਹੁੰਦੇ ਹਨ ਤੇ ਹਿੰਸਾ ਭੜਕਾ ਕੇ ਸਿਆਸੀ ਲਾਹਾ ਲੈਣ ਦੇ ਰੌਂਅ ਵਿਚ ਹਨ। ਦੱਸਣਯੋਗ ਹੈ ਕਿ ਟਰੰਪ ਨੇ ਪੋਰਟਲੈਂਡ ਵਿਚ ਮੁਜ਼ਾਹਰਾਕਾਰੀਆਂ ਨਾਲ ਉਲਝਣ ਵਾਲੇ ਆਪਣੇ ਸਮਰਥਕਾਂ ਦੀ ਪ੍ਰਸ਼ੰਸਾ ਕੀਤੀ ਹੈ।
ਰਾਸ਼ਟਰਪਤੀ ਨੇ ਨਾਲ ਹੀ ਐਲਾਨ ਕੀਤਾ ਹੈ ਕਿ ਉਹ ਕੇਨੋਸ਼ਾ (ਵਿਸਕੌਂਸਿਨ) ਜਾਣਗੇ। ਉੱਥੇ ਵੀ ਇਕ ਸਿਆਹਫਾਮ ਵਿਅਕਤੀ ਦੀ ਪੁਲੀਸ ਗੋਲੀਬਾਰੀ ਵਿਚ ਮੌਤ ਹੋਣ ਕਰਨ ਰੋਸ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਪੋਰਟਲੈਂਡ (ਔਰੇਗਨ) ਵਿਚ ਗੋਲੀ ਲੱਗਣ ਕਾਰਨ ਹਲਾਕ ਹੋਏ ਵਿਅਕਤੀ ਦੀ ਸ਼ਨਾਖ਼ਤ ਜਦ ਸੱਜੇ ਪੱਖੀ ਗਰੁੱਪ ਦੇ ਹਮਾਇਤੀ ਵਜੋਂ ਹੋਈ ਤਾਂ ਟਰੰਪ ਨੇ ਟਵੀਟ-ਰੀਟਵੀਟ ਦੀ ਝੜੀ ਲਾ ਦਿੱਤੀ ਸੀ। ਟਰੰਪ ਨੇ ਪੋਰਟਲੈਂਡ ਦੇ ਡੈਮੋਕਰੈਟ ਮੇਅਰ ਦੀ ਤਿੱਖੀ ਨਿਖੇਧੀ ਵੀ ਕੀਤੀ ਸੀ। ਉਪਨਗਰਾਂ ਦੇ ਵੋਟਰਾਂ, ਖ਼ਾਸ ਕਰ ਕੇ ਔਰਤਾਂ ਦਾ ਵੋਟ ਕਾਫ਼ੀ ਗਿਣਤੀ ਵਿਚ ਟਰੰਪ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ।