ਟਰੰਪ ਇਲਾਜ ਲਈ ਫੌਜੀ ਹਸਪਤਾਲ ਦਾਖਲ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇੱਥੋਂ ਦੇ ਫੌਜੀ ਹਪਸਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਰੈਮਡੇਸਿਵਿਰ ਥੈਰੇਪੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਵ੍ਹਾਈਟ ਹਾਊਸ ਦੇ ਸਿਹਤ ਮਾਹਿਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਸਬੰਧੀ ਟਰੰਪ ਨੇ ਟਵੀਟ ਕੀਤਾ, ‘ਮੈਨੂੰ ਲੱਗਦਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਹੈ। ਸਭ ਦਾ ਸ਼ੁਕਰੀਆ।’ 18 ਸਕਿੰਟ ਦੀ ਵੀਡੀਓ ’ਚ ਉਨ੍ਹਾਂ ਆਪਣੇ ਸ਼ੁੱਭਚਿੰਤਕਾਂ ਨੂੰ ਕਿਹਾ, ‘ਪ੍ਰਥਮ ਮਹਿਲਾ ਵੀ ਪੂਰੀ ਤਰ੍ਹਾਂ ਠੀਕ ਹੈ।

ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ ਤੇ ਮੈਂ ਇਸ ਨੂੰ ਕਦੀ ਨਹੀਂ ਭੁੱਲਾਂਗਾ।’ ਟਰੰਪ ਨੂੰ ਬੀਤੇ ਦਿਨ ਇੱਥੇ ਦੇ ਵਾਲਟਰ ਰੀਡ ਫੌਜੀ ਸਿਹਤ ਕੇਂਦਰ ’ਚ ਦਾਖਲ ਕਰਵਾਇਆ ਗਿਆ ਸੀ ਜਦਕਿ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਵ੍ਹਾਈਟ ਹਾਊਸ ’ਚ ਹੀ ਇਕਾਂਤਵਾਸ ਹਨ। ਵ੍ਹਾਈਟ ਹਾਊਸ ਦੇ ਸਿਹਤ ਮਾਹਿਰ ਸੀਨ ਕੌਨਲੀ ਨੇ ਕਿਹਾ ਕਿ ਮੈਡੀਕਲ ਮਾਹਿਰਾਂ ਨੇ ਰਾਸ਼ਟਰਪਤੀ ਨੂੰ ਇਲਾਜ ਲਈ ਰੈਮਡੇਸਿਵਿਰ ਥੈਰੇਪੀ ਦਿੱਤੀ ਹੈ।

ਉਨ੍ਹਾਂ ਕਿਹਾ, ‘ਮੈਨੂੰ ਇਹ ਦਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰਪਤੀ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ।  ਉਨ੍ਹਾਂ ਨੂੰ ਅਜੇ ਆਕਸੀਜਨ ਦੀ ਜ਼ਰੂਰਤ ਨਹੀਂ ਪਈ ਹੈ ਪਰ ਸਿਹਤ ਮਾਹਿਰਾਂ ਦੀ ਸਲਾਹ ’ਤੇ ਅਸੀਂ ਰੈਮਡੇਸਿਵਿਰ ਥੈਰੇਪੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਰਾਸ਼ਟਰਪਤੀ ਨੇ ਦਵਾਈ ਦੀ ਪਹਿਲੀ ਖੁਰਾਕ ਲੈ ਲਈ ਹੈ ਤੇ ਉਹ ਆਰਾਮ ਕਰ ਰਹੇ ਹਨ।’ ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਤੇ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਸ਼ੁੱਕਰਵਾਰ ਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਸਨ।

Previous articleਸੁਖਬੀਰ ਨੇ ਰਾਹੁਲ ’ਤੇ ਮੋਦੀ ਨਾਲ ਫਿਕਸ ਮੈਚ ਖੇਡਣ ਦੇ ਦੋਸ਼ ਲਾਏ
Next articleਇਮਰਾਨ ਵੱਲੋਂ ਨਵਾਜ਼ ਖ਼ਿਲਾਫ਼ ਰਣਨੀਤੀ ਬਣਾਉਣ ਦੀ ਹਦਾਇਤ