ਟਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਨਵੇਂ ਢੰਗ ਨਾਲ ਜਾਗਰੂਕ ਕੀਤਾ

ਕ੍ਰਿਸਮਸ ਦੇ ਮੱਦੇਨਜ਼ਰ ਗੋਆ ਦੀ ਟਰੈਫਿਕ ਪੁਲੀਸ ਨੇ ਅੱਜ ਸ਼ਹਿਰ ਵਿਚ ਟਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਵੱਖਰੇ ਤਰੀਕੇ ਨਾਲ ਸਿੱਖਿਅਤ ਕੀਤਾ। ਟਰੈਫਿਕ ਪੁਲੀਸ ਕਰਮਚਾਰੀਆਂ ਨੇ ਸੈਂਟਾ ਕਲਾਜ਼ ਵਾਲੇ ਕੱਪੜੇ ਪਾ ਕੇ ਚਾਕਲੇਟ ਵੰਡੇ ਤੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਪਣਜੀ ਟਰੈਫਿਕ ਪੁਲੀਸ ਇੰਸਪੈਕਟਰ ਬਰੈਂਡਨ ਡਿਸੂਜ਼ਾ ਨੇ ਕਿਹਾ, ‘ਅਸੀਂ ਟਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਫੜਿਆ ਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਉਨ੍ਹਾਂ ਨੂੰ ਸਿੱਖਿਅਤ ਕੀਤਾ। ਅਸੀਂ ਕ੍ਰਿਸਮਸ ਮੌਕੇ ਵਿਸ਼ੇਸ਼ ਤਰੀਕੇ ਨਾਲ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।’ ਉਨ੍ਹਾਂ ਦੱਸਿਆ ਕਿ ਕਈ ਦੋਪਹੀਆ ਵਾਹਨ ਚਾਲਕ ਬਿਨਾਂ ਆਈਐੱਸਆਈ ਮਾਰਕ ਵਾਲੇ ਹੈਲਮੇਟ ਪਾ ਕੇ ਵਾਹਨ ਚਲਾ ਰਹੇ ਸਨ ਤੇ ਕਾਰ ਚਾਲਕਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਵਾਹਨ ਚਾਲਕ ਸਾਂਦਰਾ ਅਲਵਾਰੇਸ ਨੇ ਕਿਹਾ, ‘ਇਸ ਵੱਖਰੇ ਤਰੀਕੇ ਨਾਲ ਵਾਹਨ ਚਾਲਕਾਂ ਨੂੰ ਸਿੱਖਿਅਤ ਕਰਨ ਲਈ ਅਸੀਂ ਟਰੈਫਿਕ ਪੁਲੀਸ ਦਾ ਧੰਨਵਾਦ ਕਰਦੇ ਹਾਂ। ਇਹ ਸੰਦੇਸ਼ ਫੈਲਾਉਣ ਦਾ ਸਹੀ ਤਰੀਕਾ ਹੈ।’ ਇਸੇ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਯਾਤਰੀਆਂ ਦੀ ਭੀੜ ਦੀ ਸੰਭਾਵਨਾ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ, ‘‘25 ਤੋਂ 31 ਦਸੰਬਰ ਦੇ ਵਿਚਕਾਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭੀੜ ਵਾਲੇ ਇਲਾਕਿਆਂ ਵਿਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਸੜਕਾਂ ’ਤੇ ਪੁਲੀਸ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇਗੀ।’

Previous articleਪੰਜਾਬ ’ਚ ਕਾਂਗਰਸੀਆਂ ਤੇ ਪੁਲੀਸ ਦੀ ਮਿਲੀਭੁਗਤ ਨਾਲ ਵਿਕ ਰਿਹੈ ਨਸ਼ਾ: ਸੁਖਬੀਰ
Next articleਨੈਸ਼ਨਲ ਕਾਲਜ ’ਚ ਪੌਣੇ ਦੋ ਕਰੋੜ ਦੇ ਘਪਲੇ ਦਾ ਖ਼ੁਲਾਸਾ