ਜਗਰਾਉਂ- ਇਥੇ ਮੁਹੱਲਾ ਸ਼ਕਤੀ ਨਗਰ ’ਚ ਆਪਣੇ ਘਰ ਦੇ ਨੇੜੇ ਹੀ ਆਪਣੇ ਪਿਤਾ ਨਾਲ ਐਕਟਿਵਾ ’ਤੇ ਜਾ ਰਹੇ ਬੱਚੇ ਦੀ ਮਿੱਟੀ ਨਾਲ ਭਰੀ ਟਰਾਲੀ ਦੇ ਟਾਇਰ ਹੇਠ ਆਉਣ ਕਾਰਨ ਮੌਤ ਹੋ ਗਈ। ਮੌਕੇ ਤੋਂ ਟਰੈਕਟਰ ਚਾਲਕ ਦੌੜ ਗਿਆ। ਇਸ ਸਬੰਧੀ ਪੁਲੀਸ ਥਾਣਾ ਸ਼ਹਿਰੀ ਦੀ ਪੁਲੀਸ ਅਤੇ ਪੀੜਤ ਪਰਿਵਾਰ ਦੇ ਮੈਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਦੱਸਿਆ ਕਿ ਛੋਟਾ ਬੱਚਾ ਪ੍ਰੀਤਮਪ੍ਰਤਾਪ ਸਿੰਘ ਪੁੱਤਰ ਭੁਪਿੰਦਰ ਸਿੰਘ ਜੋ ਕਿ ਕਰੀਬ ਸਾਢੇ ਪੰਜ ਸਾਲ ਦਾ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਆਪਣੇ ਪਿਤਾ ਦੇ ਐਕਟਿਵਾ ਦੇ ਅੱਗੇ ਖੜ੍ਹ ਕੇ ਜਾ ਰਿਹਾ ਸੀ, ਗਲੀ ਵਿੱਚ ਮਿੱਟੀ ਨਾਲ ਭਰੀ ਟਰਾਲੀ ਜਾ ਰਹੀ ਸੀ ਇਸੇ ਦੌਰਾਨ ਅਚਾਨਕ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਟਰਾਲੀ ਦੇ ਟਾਇਰ ਅੱਗੇ ਡਿੱਗ ਪਿਆ। ਟਰਾਲੀ ਬੱਚੇ ਦੇ ਉਪਰੋਂ ਲੰਘ ਗਈ ’ਤੇ ਹੀ ਮਾਸੂਮ ਦੀ ਮੌਤ ਹੋ ਗਈ। ਜਦੋਂ ਮੁਹੱਲੇ ’ਚ ਹਾਹਾਕਾਰ ਮਚੀ ਤਾਂ ਮੌਕਾ ਤਾੜ ਕੇ ਟਰੈਕਟਰ ਚਾਲਕ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸ਼ਹਿਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਟਰੈਕਟਰ ਟਰਾਲੀ ਆਪਣੇ ਕਬਜ਼ੇ ’ਚ ਕਰਕੇ ਟਰੈਕਟਰ ਦੇ ਚਾਲਕ ਅਤੇ ਮਾਲਕ ਦੀ ਪੜਤਾਲ ਆਰੰਭ ਦਿੱਤੀ ਅਤੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਰਕਾਰੀ ਹਸਪਤਾਲ ’ਚ ਪਹੁੰਚਾਇਆ। ਮਿਲੇ ਵੇਰਵਿਆਂ ਅਨੁਸਾਰ ਪੁਲੀਸ ਨੇ ਟਰੈਕਟਰ ਦੇ ਮਾਲਕਾਂ ਦਾ ਪਤਾ ਲਗਾ ਲਿਆ ਹੈ।
INDIA ਟਰੈਕਟਰ-ਟਰਾਲੀ ਹੇਠ ਆਉਣ ਨਾਲ ਪੰਜ ਸਾਲਾ ਬੱਚੇ ਦੀ ਮੌਤ