ਮੁਕਤਸਰ ਵਿਚ ਕਾਰ ਦਰੱਖਤ ਵਿੱਚ ਵੱਜਣ ਕਾਰਨ ਦੋ ਮੌਤਾਂ, ਚਾਰ ਜ਼ਖ਼ਮੀ
ਜ਼ਿਲ੍ਹਾ ਅੰਮ੍ਰਿਤਸਰ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵਾਪਰੇ ਦੋ ਵੱਖ ਵੱਖ ਹਾਦਸਿਆਂ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਅੱਠ ਜਣੇ ਜ਼ਖ਼ਮੀ ਹੋ ਗਏ। ਲੋਹੜੀ ਅਤੇ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਇੱਥੇ ਅੰਮ੍ਰਿਤਸਰ ਨੇੜੇ ਵੱਲਾ ਨਹਿਰ ਕੋਲ ਟਰੈਕਟਰ-ਟਰਾਲੀ ਨੂੰ ਹੋਏ ਹਾਦਸੇ ਕਾਰਨ ਪੰਜ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦੋਂਕਿ ਚਾਰ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਮਜ਼ਦੂਰ ਇਕ ਇਮਾਰਤ ਦਾ ਲੈਂਟਰ ਪਾਉਣ ਲਈ ਜਾ ਰਹੇ ਸਨ। ਇਸ ਹਾਦਸੇ ਵਿੱਚ ਮਾਰੇ ਗਏ ਸਾਰੇ ਪੰਜੇ ਵਿਅਕਤੀ ਛੱਤੀਸਗੜ੍ਹ ਨਾਲ ਸਬੰਧਤ ਹਨ ਜਿਨ੍ਹਾਂ ਦੀ ਪਛਾਣ ਸ਼ਿਵ ਪ੍ਰਸਾਦ, ਰਾਮ ਪ੍ਰਸਾਦ, ਰਾਮ ਕੇਵਲ, ਇੰਦਲਾਲ ਤੇ ਅਰਜੁਨ ਵਜੋਂ ਹੋਈ ਹੈ। ਟਰੈਕਟਰ ਚਾਲਕ ਰਿੰਕੂ ਵਾਸੀ ਅੰਮ੍ਰਿਤਸਰ, ਗਗਨਦੀਪ ਵਾਸੀ ਬਟਾਲਾ, ਸੁਨੀਲ ਅਤੇ ਦਲਬੀਰ ਦੋਵੇਂ ਵਾਸੀ ਉੱਤਰ ਪ੍ਰਦੇਸ਼ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਮਿਲੇ ਵੇਰਵਿਆਂ ਮੁਤਾਬਕ ਟਰੈਕਟਰ ਟਰਾਲੀ ’ਤੇ ਲੈਂਟਰ ਪਾਉਣ ਲਈ ਸੀਮਿੰਟ ਤੇ ਰੇਤ-ਬੱਜਰੀ ਨੂੰ ਰਲਾਉਣ ਲਈ ਵਰਤਿਆ ਜਾਂਦਾ ਮਿਕਸਰ, ਲੋਹੇ ਦੀਆਂ ਪਾਈਪਾਂ ਤੇ ਹੋਰ ਸਾਮਾਨ ਲੱਦਿਆ ਹੋਇਆ ਸੀ। ਇਸੇ ਟਰਾਲੀ ਵਿੱਚ ਲੈਂਟਰ ਪਾਉਣ ਜਾ ਰਹੇ ਪਰਵਾਸੀ ਮਜ਼ਦੂਰ ਵੀ ਸਵਾਰ ਸਨ। ਪੁਲੀਸ ਸੂਤਰਾਂ ਮੁਤਾਬਕ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਟਰੈਕਟਰ ਦੇ ਅਗਲੇ ਪਹੀਏ ਦਾ ਐਕਸਲ ਟੁੱਟ ਗਿਆ ਅਤੇ ਟਰੈਕਟਰ ਬੇਕਾਬੂ ਹੋ ਕੇ ਟਰਾਲੀ ਸਮੇਤ ਨਹਿਰ ਵਿੱਚ ਜਾ ਡਿੱਗਿਆ। ਇਸ ਦੌਰਾਨ ਕੁਝ ਵਿਅਕਤੀ ਟਰਾਲੀ ਪਲਟਣ ਕਾਰਨ ਲੱਦੇ ਹੋਏ ਸਾਮਾਨ ਹੇਠ ਦੱਬ ਗਏ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਜੇਐੱਸ ਵਾਲੀਆ ਨੇ ਦੱਸਿਆ ਕਿ ਟਰਾਲੀ ਪਲਟਣ ਅਤੇ ਸਾਮਾਨ ਹੇਠਾਂ ਦੱਬੇ ਜਾਣ ਕਾਰਨ ਪੰਜ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਜ਼ਖ਼ਮੀ ਹੋਏ ਚਾਰ ਜਣਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰਿਸਰਚ ’ਚ ਦਾਖ਼ਲ ਕਰਾਇਆ ਗਿਆ ਹੈ, ਜਿਥੇ ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ : ਮੁਕਸਤਰ-ਬਠਿੰਡਾ ਸੜਕ ਉੱਤੇ ਪੈਂਦੇ ਪਿੰਡ ਬੁੱਟਰ ਸ਼ਰੀਂ ਨੇੜੇ ਲੰਘੀ ਰਾਤ ਇਕ ਕਾਰ ਦਰੱਖਤ ਵਿੱਚ ਜਾ ਵੱਜੀ। ਹਾਦਸੇ ’ਚ ਕਾਰ ਸਵਾਰ ਛੇ ਨੌਜਵਾਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਜਦੋਂਕਿ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਨੌਜਵਾਨ ਆਲਟੋ ਕਾਰ ਨੰਬਰ ਡੀਐੱਲ3ਸੀਏਜੀ-8563 ਵਿੱਚ ਸਵਾਰ ਸਨ ਅਤੇ ਪਿੰਡ ਭਲਾਈਆਣਾ ਤੋਂ ਦੋਦਾ ਵੱਲ ਜਾ ਰਹੇ ਸਨ। ਕਾਰ ਵਿੱਚ ਸਵਾਰ ਨੌਜਵਾਨਾਂ ਵਿੱਚੋਂ ਤਿੰਨ ਪਿੰਡ ਭਲਾਈਆਣਾ ਦੇ ਸਨ ਜਦੋਂ ਕਿ ਤਿੰਨ ਉਨ੍ਹਾਂ ਦੇ ਰਿਸ਼ਤੇਦਾਰ ਸਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮਨਪ੍ਰੀਤ ਸਿੰਘ (31) ਪੁੱਤਰ ਸ਼ਿੰਦਰ ਸਿੰਘ ਵਾਸੀ ਭਲਾਈਆਣਾ ਤੇ ਜਗਸੀਰ ਸਿੰਘ (23) ਪੁੱਤਰ ਅਲਬੇਲ ਸਿੰਘ ਵਜੋਂ ਹੋਈ ਹੈ। ਹਾਦਸੇ ’ਚ ਜ਼ਖ਼ਮੀ ਹੋਏ ਬਾਕੀ ਚਾਰ ਜਣਿਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।