ਓਟਾਵਾ (ਸਮਾਜਵੀਕਲੀ) : ਸਾਥੀ ਸੰਸਦ ਮੈਂਬਰ ਖਿਲਾਫ਼ ‘ਨਸਲੀ’ ਟਿੱਪਣੀ ਕਰਨ ’ਤੇ ਸੰਸਦ ’ਚੋਂ ਇਕ ਦਿਨ ਲਈ ਮੁਅੱਤਲ ਹੋਏ ਨਿਊ ਡੈਮੋਕਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਮਾਇਤ ਦਿੱਤੀ ਹੈ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ’ਚ ਨਸਲੀ ਵਿਤਕਰੇ ਨੂੰ ਰੋਕਣ ਲਈ ਬੁੱਧਵਾਰ ਨੂੰ ਜਗਮੀਤ ਸਿੰਘ ਨੇ ਮਤਾ ਲਿਆਂਦਾ ਸੀ ਜਿਸ ਦੀ ਸਦਨ ਨੇ ਹਮਾਇਤ ਕੀਤੀ ਸੀ ਪਰ ਇਕ ਸੰਸਦ ਮੈਂਬਰ ਨੇ ਇਸ ਦਾ ਪੱਖ ਨਹੀਂ ਪੂਰਿਆ ਸੀ।
ਦੋਵਾਂ ਵਿਚਕਾਰ ਬਹਿਸ ਮਗਰੋਂ ਸਪੀਕਰ ਨੇ ਜਗਮੀਤ ਸਿੰਘ ਨੂੰ ਇਕ ਦਿਨ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਸੀ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਜਦੋਂ ਕੋਈ ਅਹਿਮ ਆਗੂ ਹਾਊਸ ਆਫ਼ ਕਾਮਨਜ਼ ’ਚ ਅਜਿਹਾ ਕੋਈ ਬਿਆਨ ਦਿੰਦਾ ਹੈ ਤਾਂ ਊਸ ਤੋਂ ਲੋਕਾਂ ਨੂੰ ਤਕਲੀਫ਼ ਹੋਣਾ ਸੁਭਾਵਿਕ ਹੈ ਪਰ ਸਾਨੂੰ ਇਸ ਸਮੱਸਿਆ ਨਾਲ ਸਿੱਝਣ ਦੀ ਲੋੜ ਹੈ ਕਿਊਂਕਿ ਮੁਲਕ ਨੂੰ ਅਗਾਂਹ ਲੈ ਕੇ ਵੀ ਜਾਣਾ ਹੈ।’’
ਜ਼ਿਕਰਯੋਗ ਹੈ ਕਿ ਟਰੂਡੋ ਲਗਾਤਾਰ ਆਖਦੇ ਰਹੇ ਹਨ ਕਿ ਕੈਨੇਡੀਅਨ ਸੰਸਥਾਵਾਂ ’ਚੋਂ ਨਸਲੀ ਵਿਤਕਰੇ ਦੀ ਸੋਚ ਨੂੰ ਖ਼ਤਮ ਕਰਨ ਦੀ ਲੋੜ ਹੈ। ਇਸ ਦੌਰਾਨ ਜਗਮੀਤ ਸਿੰਘ ਨੇ ਸਾਥੀ ਸੰਸਦ ਮੈਂਬਰ ਨੂੰ ਨਸਲਵਾਦੀ ਆਖਣ ’ਤੇ ਊਸ ਤੋਂ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਸੀਬੀਸੀ ਨਿਊਜ਼ ਦੇ ਪ੍ਰੋਗਰਾਮ ਦੌਰਾਨ ਊਨ੍ਹਾਂ ਕਿਹਾ ਕਿ ਸੰਸਦ ਮੈਂਬਰ ਤੋਂ ਮੁਆਫ਼ੀ ਮੰਗਣਾ ਨਸਲੀ ਵਿਤਕਰੇ ਖਿਲਾਫ ਲੜਾਈ ਨੂੰ ਕਮਜ਼ੋਰ ਕਰਨਾ ਹੋਵੇਗਾ।