ਅੱਧੀ ਰਾਤ ਮਾਨਸਾ ਜ਼ਿਲ੍ਹੇ ’ਚ ਆਏ ਤੇਜ਼ ਤੁਫਾਨ ਨੇ ਭਾਰੀ ਨੁਕਸਾਨ ਕੀਤਾ ਹੈ। ਤੇਜ਼ ਹਵਾ ਨੇ ਪਿੰਡਾਂ ਸ਼ਹਿਰਾਂ ’ਚ ਸੈਂਕੜੇ ਦਰਖ਼ਤ ਉਖਾੜੇ ਤੇ ਟਾਹਣੇ ਤੋੜ ਦਿੱਤੇ। ਦਰਖ਼ਤਾਂ ਦੇ ਡਿੱਗਣ ਕਰਕੇ ਬਿਜਲੀ ਦੇ ਟਰਾਂਸਫਾਰਮਰ ਤੇ ਖੰਭੇ ਡਿੱਗ ਗਏ ਜਿਸ ਕਰਕੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਤੇਜ਼ ਝੱਖੜ ਨੇ ਦੁਕਾਨਾਂ ਦੇ ਬਾਹਰ ਲੱਗੇ ਫਲੈਕਸ ਬੋਰਡ ਤੇ ਸੜਕਾਂ ਕਿਨਾਰੇ ਲੱਗੇ ਦਿਸ਼ਾ ਸੂਚਕ ਵੀ ਪੈਰਾਂ ਤੋਂ ਉਖਾੜ ਦਿੱਤੇ ਹਨ। ਅਰਧ ਸ਼ਹਿਰੀ ਖੇਤਰ ਦੇ ਐਸਡੀਓ ਸੁਖਦੇਵ ਸਿੰਘ ਨੇ ਦੱਸਿਆ ਰਾਤ ਵੇਲੇ ਆਏ ਤੇਜ਼ ਝੱਖੜ ਨੇ ਦਰਜਨਾਂ ਪਿੰਡਾਂ ਦੀ ਬਿਜਲੀ ਠੱਪ ਕਰ ਦਿੱਤੀ। ਝੱਖੜ ਕਾਰਨ ਸੱਤ ਟਰਾਂਸਫਾਰਮਰ ਦੋ ਦਰਜਨ ਤੋਂ ਵੀ ਵੱਧ ਖੋਲ ਟੁੱਟ ਗਏ ਹਨ। ਉਨ੍ਹਾਂ ਦੱਸਿਆ ਕਾਫੀ ਜੱਦੋ ਜਹਿਦ ਕਗਰੋਂ ਪਿੰਡਾਂ ਦੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਸੀ ਪਰ ਅਜੇ ਵੀ ਖੇਤੀ ਸੈਕਟਰ ਦੀ ਸਪਲਾਈ ਠੀਕ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਟੁੱਟੇ ਦਰਖ਼ਤਾਂ ਨੇ ਸੂਏ ਕੱਸੀਆਂ ਤੇ ਸੜਕਾਂ ਦੀ ਵੀ ਬੁਰੀ ਹਾਲਤ ਕੀਤੀ ਹੈ। ਸੂਏ ਕੱਸੀਆਂ ਨੂੰ ਟੁੱਟਣ ਤੋਂ ਬਚਾਉਣ ਲਈ ਕਈ ਪੁਲਾਂ ਵਿੱਚੋਂ ਕਿਸਾਨਾਂ ਨੇ ਵੀ ਆਪਣੇ ਤੌਰ ’ਤੇ ਦਰਖ਼ਤ ਧੂਹ ਕੇ ਬਾਹਰ ਕੱਢ ਦਿੱਤੇ ਹਨ ਤੇ ਕਈ ਕੱਸੀਆਂ ’ਚੋਂ ਨਹਿਰੀ ਵਿਭਾਗ ਦੇ ਬੇਲਦਾਰਾਂ ਨੇ ਵੀ ਦਰਖ਼ਤ ਕੱਢ ਕੇ ਪਾਣੀ ਦੀ ਰੁਕਾਵਟ ਦੂਰ ਕੀਤੀ। ਦਰਖ਼ਤਾਂ ਦੇ ਪੁੱਟੇ ਜਾਣ ਕਾਰਨ ਤੇ ਟਹਿਣੇ ਟੁੱਟ ਕੇ ਸੜਕਾਂ ’ਤੇ ਡਿੱਗਣ ਕਾਰਨ ਅਵਾਜਾਈ ਵੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਝੱਖੜ ਇੰਨਾ ਤੇਜ਼ ਸੀ ਕਿ ਇਸ ਨਾਲ ਤੂੜੀ ਦੇ ਕੁੱਪ, ਪਸ਼ੂਆਂ ਲਈ ਟੀਨ ਦੀਆਂ ਚਾਦਰਾਂ ਉਡ ਗਈਆਂ।
INDIA ਝੱਖੜ ਨੇ ਉਡਾਏ ਬਿਜਲੀ ਦੇ ਫਿਊਜ਼; ਦਰਜਨਾਂ ਟਰਾਂਸਫਾਰਮਰ ਤੇ ਖੰਭੇ ਡੇਗੇ