ਨਰਮੇ ਦੀਆਂ ਛਟੀਆਂ ਨੇ ਨਰਮਾ ਬੀਜਣ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਲਾਲੀ ਲਿਆ ਦਿੱਤੀ ਹੈ। ਨਰਮੇ ਦੀ ਰਹਿੰਦ ਖੂਹੰਦ ਵਜੋਂ ਜਾਣੀਆਂ ਜਾਂਦੀਆਂ ਛਟੀਆਂ ਇਨ੍ਹੀਂ ਦਿਨੀਂ ਸੌ ਰੁਪਏ ਤੋਂ ਡੇਢ ਸੌ ਰੁਪੈ ਪ੍ਰਤੀ ਕੁਇੰਟਲ ਵਿਕ ਰਹੀਆਂ ਹਨ। ਇਸ ਹਿਸਾਬ ਨਾਲ ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਨਰਮੇ ਦੀ ਰਹਿੰਦ ਖੂੰਹਦ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵੀ ਜ਼ਿਆਦਾ ਮੁਨਾਫ਼ਾ ਹੋ ਰਿਹਾ ਹੈ। ਨਰਮੇ ਦੀਆਂ ਛਟੀਆਂ ਦੀ ਬਹੁਤੀ ਖਰੀਦ ਬਾਇਓਮਾਸ ਅਤੇ ਆਪਣੇ ਉਤਪਾਦ ਤਿਆਰ ਕਰਨ ਲਈ ਬੁਆਇਲਰ ਵਰਤਣ ਵਾਲੀਆਂ ਕੰਪਨੀਆਂ ਵਾਲੇ ਕਰ ਰਹੇ ਹਨ ਜਦੋਂ ਕਿ ਦੂਸਰੇ ਨੰਬਰ ’ਤੇ ਜੀਰੀ ਵਾਲੇ ਇਲਾਕਿਆਂ ਦੇ ਕਿਸਾਨ ਪਰਿਵਾਰ ਕਰ ਰਹੇ ਹਨ । ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਏਕੜ ਵਿੱਚੋਂ ਦੋ ਟਰਾਲੀਆਂ ਭਰ ਜਾਂਦੀਆਂ ਹਨ। ਇੱਕ ਟਰਾਲੀ ਵਿੱਚ ਪੱਚੀ ਤੋਂ ਤੀਹ ਕੁਇੰਟਲ ਛਟੀਆਂ ਪੈਂਦੀਆਂ ਹਨ। ਇੱਕ ਟਰਾਲੀ ਪੱਚੀ ਸੌ ਰੁਪੈ ਤੋਂ ਲੈ ਕੇ ਤਿੰਨ ਹਜ਼ਾਰ ਰੁਪਏ ਤੱਕ ਵਿਕ ਜਾਂਦੀ ਹੈ। ਕਿਸਾਨਾਂ ਦੱਸਿਆ ਪਟਿਆਲਾ, ਸੰਗਰੂਰ, ਮੋਗਾ ਅਤੇ ਬਰਨਾਲਾ ਖੇਤਰ ਦੇ ਜੀਰੀ ਵਾਲੇ ਕਿਸਾਨ ਸਰਦੀਆਂ ’ਚ ਬਾਲਣ ਵਜੋਂ ਵਰਤਣ ਲਈ ਨਰਮੇ ਦੀਆਂ ਛਟੀਆਂ ਖਰੀਦ ਰਹੇ ਹਨ। ਨਰਮੇ ਦੀਆਂ ਛਟੀਆਂ ਲੈ ਕੇ ਜਾ ਰਹੇ ਸੁਨਾਮ ਖੇਤਰ ਦੇ ਪਰਗਟ ਸਿੰਘ ਨੇ ਦੱਸਿਆ ਇਨ੍ਹਾਂ ਛਟੀਆਂ ਦੀ ਵਰਤੋਂ ਸਰਦੀਆਂ ਦੌਰਾਨ ਚੁੱਲ੍ਹਾ ਬਾਲਣ ਅਤੇ ਸਰਦੀ ਦੇ ਬਚਾਅ ਲਈ ਧੂਣੀ ਪਾਉਣ ਲਈ ਕੀਤੀ ਜਾਵੇਗੀ। ਕਿਸਾਨ ਆਗੂ ਗੋਰਾ ਸਿੰਘ ਭੈਣੀ ਨੇ ਕਿਹਾ ਜੇਕਰ ਸਰਕਾਰ ਨਰਮੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਚੰਗਾ ਭਾਅ ਦੇਵੇ, ਬਾਲਣ ਲਈ ਵਰਤੀਆਂ ਜਾਣ ਵਾਲੀਆਂ ਛਟੀਆਂ ਦਾ ਚੰਗਾ ਮੁੱਲ ਦੇਵੇ ਤਾਂ ਕਿਸਾਨ ਪਰਿਵਾਰ ਝੋਨੇ ਦੀ ਬਿਜਾਈ ਆਪ ਹੀ ਘੱਟ ਕਰ ਦੇਣਗੇ।
INDIA ਝੋਨੇ ਵਾਲੇ ਇਲਾਕੇ ਨੂੰ ਨਿੱਘ ਦੇਣਗੀਆਂ ਨਰਮਾ ਪੱਟੀ ਦੀਆਂ ਛਟੀਆਂ