(ਸਮਾਜ ਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵੱਲੋਂ ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ , ਲੁਧਿਆਣਾ ਜੀ ਦੇ ਨਿਰਦੇਸ਼ ਅਤੇ ਡਾ. ਜਸਵਿੰਦਰ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ ਖੰਨਾ ਦੀ ਅਗਵਾਈ ਹੇਠ ਇਕ ਵਿਚਾਰ ਚਰਚਾ ਕਰਵਾਈ ਗਈ । ਇਸ ਵਿਚਾਰ ਚਰਚਾ ਦਾ ਵਿਸ਼ਾ ਝੋਨੇ ਦੀ ਸਿੱਧੀ ਬਿਜਾਈ ਅਤੇ ਭਵਿੱਖ ਵਿਚ ਪਾਣੀ ਦੀ ਘਾਟ ਕਾਰਨ ਆਉਣ ਵਾਲੀਆਂ ਚਣੌਤੀਆਂ।
ਇਸ ਵਿਚਾਰ ਚਰਚਾ ਦੌਰਾਨ ਡਾ. ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਇਸ ਤੋਂ ਪੂਰੀ ਤਰਾਂ ਸੰਤੁਸ਼ਟ ਹਨ । ਉਹਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕੱਦੂ ਕਰਕੇ ਲਗਾਏ ਝੋਨੇ ਤੋਂ ਕਿਸੇ ਵੀ ਪੱਖ ਤੋਂ ਕਮਜ਼ੋਰ ਨਹੀਂ ਹੈ । ਇਸ ਤਕਨੀਕ ਨਾਲ ਜਿਥੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਥਰ ਨੂੰ ਉੱਚਾ ਚੁੱਕਣ ਵਿੱਚ ਮੱਦਦ ਮਿਲੇਗੀ। ਉਥੇ ਹੀ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਣਗੇ । ਉਹਨਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਉੱਲੀ ਰੋਗ ਅਤੇ ਕਾਲੇ ਭੂਰੇ ਟਿੱਡੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ।
ਇਹਨਾਂ ਕਾਰਨਾਂ ਕਰਕੇ ਆਉਂਦੇ ਸੀਜ਼ਨ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਲਈ ਕਿਸਾਨ ਪੱਬਾਂ ਭਾਰ ਹਨ।ਇਸ ਵਿਚਾਰ ਚਰਚਾ ਦੌਰਾਨ ਅਗਾਂਹਵਧੂ ਕਿਸਾਨ ਜਗਦੇਵ ਸਿੰਘ (ਸਾਬਕਾ ਸਰਪੰਚ) ਭੁਮੱਦੀ ਵੱਲੋਂ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ । ਉਹਨਾਂ ਕਿਹਾ ਕਿ ਸਿੱਧੀ ਬਿਜਾਈ ਪੂਰੀ ਤਰਾਂ ਕਾਮਯਾਬ ਹੈ । ਕਿਸਾਨ ਵੀਰ ਬਿਜਾਈ ਸਮੇਂ ਖੇਤ ਦੀ ਚੋਣ ਅਤੇ ਵੱਤਰ ਦਾ ਖਾਸ ਖਿਆਲ ਰੱਖਣ। ਉਹਨਾ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਭਵਿੱਖ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਅਪਣਾਈ ਜਾਵੇਗੀ।
ਇਸ ਤੋਂ ਇਲਾਵਾ ਇਕਬਾਲ ਸਿੰਘ , ਦਿਲਬਾਗ ਸਿੰਘ , ਗੁਰਮਿੰਦਰ ਸਿੰਘ ਪ੍ਰਧਾਨ , ਸੁਖਵਿੰਦਰ ਸਿੰਘ , ਦਿਲਪ੍ਰੀਤ ਸਿੰਘ ਚੱਕਮਾਫੀ ,ਦਿਲਬਾਗ ਸਿੰਘ,ਨਰਪਿੰਦਰ ਸਿੰਘ ਜਟਾਣਾ ,ਰਾਜਵੀਰ ਸਿੰਘ,ਪਲਵਿੰਦਰ ਸਿੰਘ,ਗੁਰਪ੍ਰੀਤ ਸਿੰਘ, ਮਨਮੀਤ ਸਿੰਘ ਬੌਬੀ ਨੇ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਗੁਰਿੰਦਰ ਸਿੰਘ ਉੱਪ ਨਿਰੀਖਕ ਖੇਤੀਬਾੜੀ ਅਤੇ ਨਾਨਕ ਸਿੰਘ ਵਿਦਿਆਰਥੀ ਬੀ ਐਸ ਸੀ ਖੇਤੀਬਾੜੀ ਹਾਜ਼ਿਰ ਸਨ।