ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਕੀਤੇ ਜਾਂਦੇ ਦਾਅਵਿਆਂ ਦੀ ਝੋਨੇ ਦੇ ਸੀਜ਼ਨ ਮੌਕੇ ਨਹਿਰੀ ਪਾਣੀ ਦੀ ਜ਼ਰੂਰਤ ਹੋਣ ਦੇ ਬਾਵਜੂਦ ਨਹਿਰ ਬੰਦੀ ਕਰਨ ਦੇ ਨਾਲ ਪੰਜਾਬ ਸਰਕਾਰ ਦੇ ਵਾਅਦਿਆ ਦੀ ਫੂਕ ਨਿਕਲ ਗਈ ਹੈ। ਨਹਿਰੀ ਵਿਭਾਗ ਵੱਲੋਂ ਬਰਕਤਵਾ, ਨਿਜ਼ਾਮਵਾ ਅਤੇ ਫ਼ੈਜ਼ਵਾ ਨਹਿਰਾਂ ਦੀ ਬੰਦੀ ਕੀਤੀ ਗਈ ਹੈ। ਝੋਨੇ ਦੀ ਲਵਾਈ ਮੌਕੇ ਨਹਿਰਾਂ ਦੀ ਬੰਦੀ ਕਰਨ ਨਾਲ ਕਿਸਾਨ ਸਮੱਸਿਆ ਵਿਚ ਘਿਰ ਗਏ ਹਨ। ਇਨ੍ਹਾਂ ਤਿੰਨ ਨਹਿਰਾਂ ਦੀ ਬੰਦੀ ਹੋਣ ਨਾਲ ਪਿੰਡ ਚੱਕ ਖੁੰਡ ਵਾਲਾ, ਚੱਕ ਸੋਤਰੀਆਂ, ਖੁੰਡ ਵਾਲਾ ਸੈਣੀਆਂ, ਤੋਤਿਆਂ ਵਾਲੀ, ਬਾਹਮਣੀ ਵਾਲਾ, ਢਾਬ ਕੜਿਆਲ, ਭੜੋਲੀ ਵਾਲਾ, ਫਲੀਆਂ ਵਾਲਾ, ਭੋਡੀਪੁਰ, ਕੋਟੂ ਵਾਲਾ, ਚੱਕ ਰੁੰਮ ਵਾਲਾ, ਚੱਕ ਮੰਨੇ ਵਾਲਾ, ਸ਼ਹੀਦ ਭਗਤ ਸਿੰਘ ਨਗਰ, ਚੱਕ ਹਿਸਾਨ ਵਾਲਾ,ਚੱਕ ਵੈਰੋਕੇ ਆਦਿ ਪਿੰਡ ਹਨ ਜਿਨ੍ਹਾਂ ’ਚ ਨਹਿਰ ਬੰਦੀ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਕਤ ਵਾ ਬੰਦ ਹੋਈ ਨਹਿਰ ਨੂੰ ਪੰਜਾਬੀ ਟ੍ਰਿਬਿਊਨ ਨੂੰ ਮੌਕੇ ’ਤੇ ਦਿਖਾਉਂਦਿਆਂ ਕਿਸਾਨ ਜੰਗੀਰ ਚੰਦ, ਕਿਸ਼ਨ ਲਾਲ, ਜਗਨ ਚੰਦ, ਅੰਮੀ ਚੰਦ, ਲਛਮਣ ਦਾਸ ਸਰਪੰਚ, ਦੇਸ ਰਾਜ, ਮਹਿੰਦਰ ਕੁਮਾਰ, ਮੋਹਿਤ ਕੰਬੋਜ, ਸੁਰਜੀਤ ਸਿੰਘ ਆਦਿ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਨੇ 13 ਜੂਨ ਨੂੰ ਝੋਨਾ ਲਾਉਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਉਨ੍ਹਾਂ ਨੂੰ ਨਹਿਰ ਦੇ ਪਾਣੀ ਦੀ ਵਾਰੀ ਇੱਕ ਵਾਰ ਵੀ ਨਸੀਬ ਨਹੀਂ ਹੋਈ। ਹੁਣ ਝੋਨਾ ਲਾਉਣ ਦੇ ਸੀਜ਼ਨ ਵਿੱਚ ਪਾਣੀ ਦੀ ਜ਼ਰੂਰਤ ਹੋਣ ਦੇ ਬਾਵਜੂਦ ਨਹਿਰੀ ਵਿਭਾਗ ਵੱਲੋਂ ਨਹਿਰ ਬੰਦੀ ਕਰ ਦਿੱਤੀ ਜਾਣੀ ਕਿਸਾਨਾਂ ਨਾਲ ਵੈਰ ਕੱਢਣ ਬਰਾਬਰ ਹੈ। ਕਿਸਾਨਾਂ ਨੇ ਕਿਹਾ ਕਿ ਉਹ ਵਿਭਾਗ ਦੇ ਐਸਡੀਓ ਤੇ ਜੇਈ ਨੂੰ ਮਿਲ ਕੇ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਖੇਤਾਂ ’ਚ ਪਾਣੀ ਨਹੀਂ ਪਹੁੰਚ ਰਿਹਾ ਪਰ ਉਨ੍ਹਾਂ ਦੀ ਇੱਕ ਨਹੀਂ ਸੁਣੀ ਜਾ ਰਹੀ।
INDIA ਝੋਨੇ ਦੀ ਬਿਜਾਈ ਮੌਕੇ ਨਹਿਰ ਬੰਦੀ ਨੇ ਕਿਸਾਨਾਂ ਦੇ ਸਾਹ ਸੁਕਾਏ