ਕਪੂਰਥਲਾ (ਕੌੜਾ) (ਸਮਾਜ ਵੀਕਲੀ) –ਝੋਨੇ ਦੀ ਕਟਾਈ ਦਾ ਸਮਾਂ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ ਪਰਾਲੀ ਨੂੰ ਖੇਤਾਂ ਵਿੱਚ ਸਾਂਭਣਾ ਕਿਸਾਨਾਂ ਵਾਸਤੇ ਇੱਕ ਚੁਣੌਤੀਪੂਰਨ ਲੱਗਦਾ ਹੈ ਪਰ ਜੇ ਅਸੀਂ ਪਰਾਲੀ ਨੂੰ ਅੱਗ ਲਗਾਉਂਦੇ ਹਾਂ ਤਾਂ ਇੱਕ ਟਨ ਪਰਾਲੀ ਵਿਚੋਂ ਜੈਵਿਕ ਮਾਦੇ ਦੇ ਨਾਲ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਸਲਫਰ ਦਾ ਨੁਕਸਾਨ ਹੁੰਦਾ ਹੈ।
ਇੱਕ ਏਕੜ 2-2.5 ਟਨ ਪਰਾਲੀ ਨਿਕਲਦੀ ਹੈ
ਆਮ ਤੌਰ ‘ਤੇ ਵੱਖ ਵੱਖ ਫਸਲਾਂ ਦੇ ਫਸਲਾਂ ਦੀ ਰਹਿੰਦ-ਖੂੰਹਦ ਵਿਚ ਨਾਈਟ੍ਰੋਜਨ ਦੇ 80%, ਫਾਸਫੋਰਸ ਦੇ 25%, ਸਲਫਰ ਦੇ 50% ਅਤੇ ਪੋਟਾਸ਼ੀਅਮ ਦੇ 20% ਗੁਣ ਹੁੰਦੇ ਹਨ. ਜੇ ਅਸੀਂ ਫਸਲਾਂ ਦੀ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਖੇਤਾਂ ਵਿੱਚ ਦਬਾਉਂਦੇ ਹਾਂ ਤਾਂ ਇਹ ਜੈਵਿਕ ਮਾਦੇ ਅਤੇ ਨਾਈਟ੍ਰੋਜਨ ਨਾਲ ਮਿੱਟੀ ਦੀ ਬਣਤਰ ਭਰਪੂਰ ਹੁੰਦੀ ਹੈ ।ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ( ਜਿਵੇਂ ਕਿ,ਬੇਲਰ, ਸੁਪਰ ਐਸ ਐਮ ਐਸ , ਹੈਪੀ ਸੀਡਰ , ਸੁਪਰ ਸੀਡਰ , ਚੌਪਰ ਮਲਚਰ , ਉਲਟਾਂਵਾਂ ਹਲ ਆਦਿ ) ਨਾਲ ਪਰਾਲੀ ਨੂੰ ਖੇਤਾਂ ਵਿੱਚ ਦਬਾਇਆ ਜਾ ਸਕਦਾ ਹੈ ਜਾਂ ਫਿਰ ਉਸ ਨੂੰ ਬੇਲਰ ਦੀ ਸਹਾਇਤਾ ਦੇ ਨਾਲ ਗੰਢਾਂ ਬਣਾ ਕੇ ਖੇਤ ਵਿੱਚੋਂ ਚੁੱਕਿਆ ਜਾ ਸਕਦਾ ਹੈ ।
ਹੈਪੀ ਸੀਡਰ:-ਪਰਾਲੀ ਦੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕਰਨ ਵਾਲਾ ਇਹ ਖੇਤੀਬਾੜੀ ਸੰਦ 45 ਤੋਂ ਉੱਪਰ ਹਾਰਸ ਪਾਵਰ ਦੇ ਟਰੈਕਟਰ ਨਾਲ ਚੱਲਦਾ ਹੈ ਅਤੇ ਇੱਕ ਦਿਨ ਵਿੱਚ ਤਕਰੀਬਨ 7-8 ਏਕੜ ਖੇਤਾਂ ਵਿੱਚ ਕਣਕ ਦੀ ਬਿਜਾਈ ਹੋ ਜਾਂਦੀ ਹੈ । ਸੁਪਰ ਐਸ ਐਮ ਐਸ ਵਾਲੇ ਕੰਬਾਈਨ ਹਾਰਵੈਸਟਰ (ਜੋ ਕਿ ਪਰਾਲੀ ਨੂੰ ਕੁਤਰਾ ਕਰਕੇ ਇਕਸਾਰ ਖੇਤਾਂ ਵਿੱਚ ਖਿਲਾਰਦਾ ਹੈ ) ਨਾਲ ਝੋਨੇ ਦੀ ਕਟਾਈ ਕਰਵਾਉਣ ਤੋਂ ਬਾਅਦ ਕਿਸਾਨ ਕਣਕ ਦੀ ਬਿਜਾਈ ਸਿੱਧੀ ਹੈਪੀਸੀਡਰ ਦੇ ਨਾਲ ਕਰ ਸਕਦੇ ਹਨ ।
ਸੁਪਰ ਸੀਡਰ:-ਸੁਪਰ ਸੀਡਰ ਖੇਤ ਦੀ ਤਿਆਰੀ, ਖਾਦ ਨਾਲ ਬੀਜ ਬੀਜਣ ਅਤੇ ਪ੍ਰੈਸ ਵੀਲ ਵਾਲੀ ਇੱਕ ਨਵੀਂ ਕਾਢ ਹੈ । ਇਹ ਝੋਨੇ ਦੀ ਪਰਾਲੀ ਦੇ ਬਿਨਾਂ ਜਾਮ ਕੀਤਿਆਂ ਕਣਕ ਬੀਜ ਸਕਦਾ ਹੈ । ਇੱਕ ਦਿਨ ਵਿੱਚ ਔਸਤਨ ਸੱਤ ਤੋਂ ਅੱਠ ਏਕੜ ਦੀ ਬਿਜਾਈ ਸੁਪਰ ਸੀਡਰ ਨਾਲ ਹੋ ਜਾਂਦੀ ਹੈ ਅਤੇ ਇਸ ਨੂੰ ਚਲਾਉਣ ਵਾਸਤੇ 65 ਹਾਰਸ ਪਾਵਰ ਸਮਰੱਥਾ ਦਾ ਟਰੈਕਟਰ ਚਾਹੀਦਾ ਹੈ । ਬੀਜਾਂ ਦੀ ਸਿੱਧੀ ਬਿਜਾਈ ਨਾ ਸਿਰਫ ਲਾਗਤ ਅਤੇ ਸਮੇਂ ਦੀ ਬਚਤ ਵਿੱਚ ਸਹਾਇਤਾ ਕਰਦੀ ਹੈ ਬਲਕਿ ਵਾਤਾਵਰਣ ਪੱਖੀ ਵੀ ਹੈ ।
ਕਣਕ ਬੀਜਣ ਸਮੇਂ ਨਮੀ ਦਾ ਧਿਆਨ :-ਹੈਪੀ ਸੀਡਰ/ਸੁਪਰ ਸੀਡਰ ਦੇ ਨਾਲ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੇ ਖੇਤ ਨੂੰ ਆਖ਼ਰੀ ਪਾਣੀ ਇਸ ਤਰ੍ਹਾਂ ਲਗਾਓ ਕਿ ਹੈਪੀ ਸੀਡਰ/ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਸਮੇਂ ਖੇਤ ਦੀ ਨਵੀਂ ਤਰ ਵੱਤਰ ਹੋਵੇ । ਕਣਕ ਦੀ ਬਿਜਾਈ ਸਮੇਂ ਬੀਜ ਦੀ ਡੂੰਘਾਈ 1.5- 2 ਇੰਚ ਵਿਚਕਾਰ ਰੱਖੋ ।
ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਲਈ ਬੀਜ ਦੀ ਮਾਤਰਾ ਸਿਫਾਰਸ਼ ਮਾਤਰਾ ਤੋਂ 5-10 ਕਿੱਲੋ ਪ੍ਰਤੀ ਏਕੜ ਵੱਧ ਰੱਖੋ । ਡੀ ਏ ਪੀ 65 ਕਿੱਲੋਂ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 40 ਕਿਲੋ ਯੂਰੀਏ ਦੀਆਂ ਦੋ ਬਰਾਬਰ ਕਿਸ਼ਤਾਂ ਪਹਿਲੇ ਅਤੇ ਦੂਜੇ ਪਾਣੀ ਤੋਂ ਪਹਿਲਾਂ ਛੱਟੇ ਨਾਲ ਪਾਓ । ਭਾਰੀਆਂ ਜ਼ਮੀਨਾਂ ਵਿੱਚ ਦੂਜਾ ਪਾਣੀ ਦੇਰ ਨਾਲ ਲੱਗਣ ਦੀ ਸੰਭਾਵਨਾ ਹੋਣ ਕਰਕੇ 33 ਕਿਲੋ ਯੂਰੀਆ ਬਿਜਾਈ ਤੋਂ ਪਹਿਲਾਂ ਅਤੇ ਬਾਕੀ ਯੂਰੀਆ ਪਹਿਲੇ ਪਾਣੀ ਤੋਂ ਪਹਿਲਾਂ ਛੱਟੇ ਨਾਲ ਪਾਓ ।
ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਹਲਕੀਆਂ ਜ਼ਮੀਨਾਂ ਵਿੱਚ ਪਹਿਲਾ ਪਾਣੀ ਤਕਰੀਬਨ 25-30 ਦਿਨ ਬਾਅਦ ਅਤੇ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ 30-35 ਦੇਣ ਬਾਅਦ ਲਾਓ।ਸੁਪਰ ਸੀਡਰ ਨਾਲ ਬੀਜੀ ਕਣਕ ਨੂੰ ਪਾਣੀ ਲੋੜ ਮੁਤਾਬਕ ਲਗਾਇਆ ਜਾਵੇ ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਹਲਕਾ ਹੀ ਲਾਇਆ ਜਾਵੇ ।ਕਣਕ ਦੀ ਬਿਜਾਈ ਹੈਪੀ ਸੀਡਰ /ਸੁਪਰ ਸੀਡਰ ਨਾਲ ਕਰਦਿਆਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਦੀਆਂ ਪਾਈਪਾਂ ਬੰਦ ਨਾ ਹੋਣ ਅਤੇ ਇਨ੍ਹਾਂ ਨੂੰ ਲੋੜ ਮੁਤਾਬਕ ਸੋਟੀ ਨਾਲ ਹਿਲਾਉਂਦੇ ਰਹੋ ।
ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਨਦੀਨ ਘੱਟ ਉੱਗਦੇ ਹਨ :-ਹੈਪੀ ਸੀਡਰ ਦੇ ਨਾਲ ਬੀਜੀ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਵੀ ਬਹੁਤ ਘੱਟ ਆਉਂਦੀ ਹੈ ਅਤੇ ਸਾਡੇ ਸਪਰੇਆਂ ਦੀ ਪੈਸੇ ਬੱਚਦੇ ਹਨ ।ਖੇਤਾਂ ਵਿੱਚ ਮੌਜੂਦ ਪਰਾਲੀ ਮਲਚਿੰਗ ਦਾ ਕੰਮ ਕਰਦੀ ਹੈ ਜਿਸ ਦੇ ਨਾਲ ਨਦੀਨ ਨਹੀਂ ਉੱਗਦੇ ਅਤੇ ਪਰਾਲੀ ਖਾਦ ਦਾ ਕੰਮ ਕਰਦੀ ਹੈ ।
ਸੈਨਿਕ ਸੁੰਡੀ ਗੁਲਾਬੀ ਸੁੰਡੀ ਦੀ ਰੋਕਥਾਮ :-ਅਕਤੂਬਰ ਮਹੀਨੇ ਵਿੱਚ ਝੋਨੇ ਦੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਜੇਕਰ ਝੋਨੇ ਵਿੱਚ ਮੁੰਜ਼ਰਾਂ ਕੱਟਣ ਵਾਲੀ ਸੁੰਡੀ(ਕਣਕ ਦੀ ਸੈਨਿਕ ਸੁੰਡੀ ) ਜਾਂ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ ਉਸ ਦੀ ਸਿਫਾਰਿਸ਼ ਮੁਤਾਬਕ ਰੋਕਥਾਮ ਕੀਤੀ ਜਾਵੇ ਤਾਂ ਕਿ ਇਹ ਕੀੜੇ ਪਰਾਲੀ ਰਾਹੀਂ ਕਣਕ ਦੀ ਫਸਲ ਤੇ ਹਮਲਾ ਨਾ ਕਰਨ ।
ਕਣਕ ਦੀ ਫ਼ਸਲ ਨੂੰ ਪਾਣੀ ਦੇਣ ਸਮੇਂ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ । ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਵਿੱਚ ਖੇਤਾਂ ਦਾ ਲਗਾਤਾਰ ਨਿਰੀਖਣ ਰੱਖੋ ਤਾਂ ਕਿ ਕੀੜੇ ਮਕੌੜੇ, ਬਿਮਾਰੀਆਂ ਅਤੇ ਚੂਹਿਆਂ ਦੇ ਹਮਲੇ ਦਾ ਪਤਾ ਲੱਗ ਸਕੇ ।
ਹੈਪੀਸੀਡਰ ਨਾਲ ਬੀਜੀ ਕਣਕ ਵਿੱਚ ਚੂਹਿਆਂ ਦੀ ਰੋਕਥਾਮ :-ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਚੂਹਿਆਂ ਦੀ ਨੁਕਸਾਨ ਜਿਆਦਾ ਹੁੰਦਾ ਹੈ। ਇਨ੍ਹਾਂ ਖੇਤਾਂ ਵਿੱਚ ਫਸਲ ਦੀ ਬਿਜਾਈ ਤੋਂ ਬਾਅਦ ਨਵੰਬਰ ਦਸੰਬਰ ਦੌਰਾਨ 10-15 ਦਿਨਾਂ ਦੇ ਵਕਫੇ ਤੇ ਦੋ ਵਾਰੀ ਖੁੱਡਾਂ ਵਿੱਚ ਜ਼ਿੰਕ ਫਾਸਫਾਈਡ ਦਾ ਚੋਗਾ ਪਾਓ ।ਇਸ ਤੋਂ ਬਾਅਦ ਫਰਵਰੀ ਤੋਂ ਸ਼ੁਰੂ ਮਾਰਚ ਦੌਰਾਨ ਜ਼ਿੰਕ ਫਾਸਫਾਈਡ ਜਾਂ ਬਰੋਮਾਡਾਇਓਲੋਨ ਵਾਲਾ ਚੋਗਾ 400 ਗ੍ਰਾਮ ਪ੍ਰਤੀ ਏਕੜ ਕਾਗਜ਼ ਦੇ ਟੁਕੜਿਆਂ ਵਿੱਚ ਰੱਖੋ ।
ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਦ ਬਹੁਤ ਜ਼ਿਆਦਾ ਮਹਿੰਗੇ ਹਨ ਅਤੇ ਉਹ ਕਸਟਮ ਹਾਇਰਿੰਗ ਸੈਂਟਰ ਦੇ ਜ਼ਰੀਏ ਗਰੁੱਪ ਬਣਾ ਕੇ 8-10 ਕਿਸਾਨ ਰਲ ਕੇ ਖੇਤੀਬਾੜੀ ਸੰਦ ਲੈ ਸਕਦੇ ਹਨ ਜੋ ਕਿ 80 ਪ੍ਰਤੀਸ਼ਤ ਸਬਸਿਡੀ ਤੇ ਮੁਹੱਈਆ ਹੋਣਗੇ ਇਨ ਸੀਟੂ ਸਕੀਮ ਤਹਿਤ ਜਿਨ੍ਹਾਂ ਕਿਸਾਨਾਂ ਨੇ ਇਸ ਸਾਲ ਸੰਦਾਂ ਵਾਸਤੇ ਅਪਲਾਈ ਕੀਤਾ ਸੀ ਉਨ੍ਹਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ।
ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਵਾਤਾਵਰਨ ਪਾਣੀ ਅਤੇ ਮਿੱਟੀ ਦਾ ਖਿਆਲ ਰੱਖਣਾ ਪਵੇਗਾ ਅਤੇ ਸਾਡੀ ਸਿਹਤ ਵੀ ਤੰਦਰੁਸਤ ਤਾਂ ਹੀ ਰਹਿ ਸਕਦੀ ਹੈ ਜੇ ਅਸੀਂ ਸਾਫ ਸੁਥਰੇ ਵਾਤਾਵਰਨ ਵਿੱਚ ਆਪਣਾ ਜੀਵਨ ਬਤੀਤ ਕਰਾਂਗੇ ਸੋ ਮੇਰੀ ਆਪ ਜੀ ਨੂੰ ਪੁਰਜ਼ੋਰ ਅਪੀਲ ਹੈ ਕਿ ਚਾਹੇ ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣ ਅਸੀਂ ਪਰਾਲੀ ਨੂੰ ਅੱੱਗ ਨਾ ਲਗਾਈਏ ।