ਝੂਠਾ ਪ੍ਰਚਾਰ: ਮਨੀਸ਼ ਤਿਵਾੜੀ ਦੀ ਸ਼ਿਕਾਇਤ ’ਤੇ ਕੇਸ ਦਰਜ

ਰੂਪਨਗਰ ਪੁਲੀਸ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਸੋਸ਼ਲ ਮੀਡੀਆ ’ਤੇ ਕਥਿਤ ਝੂਠਾ ਤੇ ਇਤਰਾਜ਼ਯੋਗ ਪ੍ਰਚਾਰ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਮਨੀਸ਼ ਤਿਵਾੜੀ ਦੇ ਚੋਣ ਏਜੰਟ ਪਵਨ ਦੀਵਾਨ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਰੂਪਨਗਰ ’ਚ ਭਾਰਤੀ ਦੰਡਾਵਲੀ ਦੀ ਧਾਰਾ 295-ਏ ਅਤੇ 500 ਅਧੀਨ ਦਰਜ ਕੀਤਾ ਗਿਆ ਹੈ। ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਤੇ ਪੰਜਾਬ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ। ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸਬੰਧਤ ਵਾਇਰਲ ਵੀਡੀਓ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਮਰਹੂਮ ਪ੍ਰੋ. ਵੀਐੱਨ ਤਿਵਾੜੀ ਦਿੱਲੀ ’ਚ ਸਿੱਖ ਵਿਰੋਧੀ ਦੰਗਿਆਂ ਵਿੱਚ ਸ਼ਾਮਲ ਸਨ ਤੇ ਸਿੱਖਾਂ ਨੂੰ ਸਾੜਨ ਲਈ ਉਨ੍ਹਾਂ ਦੇ ਪੰਪ ਤੋਂ ਪੈਟਰੋਲ ਸਪਲਾਈ ਕੀਤਾ ਗਿਆ ਸੀ। ਸ੍ਰੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਅਤਿਵਾਦੀਆਂ ਨੇ ਦੰਗਿਆਂ ਤੋਂ ਛੇ ਮਹੀਨੇ ਪਹਿਲਾਂ 3 ਅਪਰੈਲ, 1984 ਨੂੰ ਕਤਲ ਕਰ ਦਿੱਤਾ ਸੀ ਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਕੋਲ ਕਦੇ ਵੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਪੈਟਰੋਲ ਪੰਪ ਨਹੀਂ ਰਿਹਾ। ਉਨ੍ਹਾਂ ਦੋਸ਼ ਲਗਾਏ ਕਿ ਉਨ੍ਹਾਂ ਖ਼ਿਲਾਫ਼ ਬਾਹਰੀ ਹੋਣ ਦੀ ਗੱਲ ਫੈਲਾਉਣ ’ਚ ਨਾਕਾਮ ਰਹੇ ਲੋਕ ਹੁਣ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਹੇਠਲੇ ਪੱਧਰ ’ਤੇ ਝੂਠਾ ਪ੍ਰਚਾਰ ਕਰ ਰਹੇ ਹਨ। ਸ੍ਰੀ ਤਿਵਾੜੀ ਨੇ ਅੱਜ ਟਵੀਟ ਕੀਤਾ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ ਉਨ੍ਹਾਂ ਦੇ ਵਿਰੋਧੀ ਬਹੁਤ ਹੀ ਗਲਤ ਤੇ ਦੁਖਦ ਪੱਧਰ ’ਤੇ ਹੇਠਾਂ ਡਿੱਗ ਚੁੱਕੇ ਹਨ। ਉਨ੍ਹਾਂ ਦੇ ਪਿਤਾ ਡਾ. ਵੀਐੱਨ ਤਿਵਾੜੀ ਸੰਸਦ ਮੈਂਬਰ ਅਤੇ ਪੰਜਾਬੀ ਦੇ ਪ੍ਰੋਫੈਸਰ ਸਨ, ਜਿਨ੍ਹਾਂ ਦਾ 1984 ਦੇ ਸਿੱਖ ਕਤਲੇਆਮ ਤੋਂ ਛੇ ਮਹੀਨੇ ਪਹਿਲਾਂ 3 ਅਪਰੈਲ, 1984 ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ’ਚ ਕਤਲ ਕਰ ਦਿੱਤਾ ਗਿਆ ਸੀ। ਮਨੀਸ਼ ਤਿਵਾੜੀ ਦੇ ਚੋਣ ਏਜੰਟ ਪਵਨ ਦੀਵਾਨ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ’ਚ ਕਿਹਾ ਹੈ ਕਿ ਸਾਨੂੰ ਸ਼ੱਕ ਹੈ ਕਿ ਇਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀਆਂ ਮੁੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਇਸ਼ਾਰੇ ’ਤੇ ਮਨੀਸ਼ ਤਿਵਾੜੀ ਦਾ ਅਕਸ ਖਰਾਬ ਕਰਨ ਲਈ ਕੀਤਾ ਗਿਆ ਹੈ। ਇਹ ਕਲਿੱਪ ਨਾ ਸਿਰਫ ਝੂਠੇ ਦੋਸ਼ ਲਗਾਉਂਦੀ ਹੈ, ਸਗੋਂ ਪੰਜਾਬ ਅੰਦਰ ਵੱਖ ਵੱਖ ਭਾਈਚਾਰਿਆਂ ਵਿਚ ਹਿੰਸਾ ਭੜਕਾਉਣ ਤੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਵੀ ਹੈ।

Previous articleਬਾਰ੍ਹਵੀਂ ਦਾ ਨਤੀਜਾ: ਲੁਧਿਆਣਾ ਸ਼ਹਿਰ ਦੇ ਪਾੜ੍ਹਿਆਂ ਨੇ ਮੱਲਾਂ ਮਾਰੀਆਂ
Next articleਪਾਦਰੀ ਮਾਮਲੇ ’ਚ 2.38 ਕਰੋੜ ਰੁਪਏ ਬਰਾਮਦ