ਝੁੱਗੀ ਨੂੰ ਅੱਗ ਲੱਗਣ ਨਾਲ ਪਿਉ-ਪੁੱਤ ਜਿਊਂਦੇ ਸੜੇ

ਮੁੱਲਾਂਪੁਰ ਦਾਖਾ- ਸਥਾਨਕ ਕਸਬੇ ਦੇ ਪ੍ਰੇਮ ਨਗਰ ’ਚ ਬੀਤੀ ਦੇਰ ਰਾਤ ਝੁੱਗੀ ਨੂੰ ਅੱਗ ਲੱਗਣ ਕਾਰਨ ਝੁੱਗੀ ਅੰਦਰ ਸੁੱਤੇ ਪਏ ਪਿਉ ਪੁੱਤ ਜਿਊਂਦੇ ਸੜ ਗਏ ਅਤੇ ਸਾਰਾ ਸਾਮਾਨ ਵੀ ਸੁਆਹ ਹੋ ਗਿਆ। ਮੌਕੇ ’ਤੇ ਮੌਜੂਦ ਮੁਹੱਲਾ ਨਿਵਾਸੀਆਂ ਤੇ ਵਾਰਡ ਕੌਂਸਲਰ ਜਸਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਨਾਰਾਇਣ ਰਿਸ਼ੀ ਦੇਵ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਸੀ। ਬੀਤੀ ਰਾਤ ਉਹ ਆਪਣੇ ਪੁੱਤਰ ਰੌਸ਼ਨ ਕੁਮਾਰ (13) ਨਾਲ ਰੋਟੀ ਖਾਣ ਪਿੱਛੋਂ ਸੌਂ ਗਿਆ ਅਤੇ ਕਰੀਬ ਸਾਢੇ ਦਸ ਵਜੇ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ। ਮੁਹੱਲਾ ਨਿਵਾਸੀਆਂ ਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ ਹੋਣ ਕਾਰਨ ਝੁੱਗੀ ਸੜ ਗਈ ਤੇ ਅੰਦਰ ਸੁੱਤੇ ਪਏ ਦੋਵੇਂ ਪਿਉ-ਪੁੱਤ ਜਿਊਂਦੇ ਸੜ ਗਏ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਰਿਸ਼ੀ ਦੇਵ ਝੁੱਗੀ ਅੰਦਰ ਹੀ ਚੁੱਲ੍ਹੇ ’ਤੇ ਰੋਟੀ ਪਕਾਉਂਦਾ ਸੀ ਅਤੇ ਪਾਠ-ਪੂਜਾ ਕਰਨ ਲਈ ਅੰਦਰ ਹੀ ਮੰਦਰ ਬਣਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਸ਼ੋਭਾ ਇਕ ਹਫ਼ਤਾ ਪਹਿਲਾਂ ਆਪਣੇ ਦੋ ਪੁੱਤਰਾਂ ਨਾਲ ਖਗੜੀਆ (ਬਿਹਾਰ) ਰਹਿੰਦੀ ਲੜਕੀ ਨੂੰ ਲੈਣ ਗਈ ਸੀ ਜਿਸ ਦਾ ਉਸ ਨੇ ਕੁਝ ਦਿਨਾਂ ਬਾਅਦ ਵਿਆਹ ਕਰਨਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਹਾਸਿਲ ਕੀਤੀ। ਥਾਣਾ ਦਾਖਾ ਦੀ ਪੁਲੀਸ ਨੇ ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਜਗਰਾਓਂ ਦੇ ਸਿਵਲ ਹਸਪਤਾਲ ’ਚ ਰਖਵਾ ਦਿੱਤੀਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ’ਚ ਇਹ ਅੱਗ ਝੁੱਗੀ ਅੰਦਰ ਪਈ ਕਿਸੇ ਮੋਮਬੱਤੀ ਜਾਂ ਕੋਈ ਹੋਰ ਚੀਜ਼ ਬਲਦੀ ਹੋਣ ਕਾਰਨ ਲੱਗੀ ਲੱਗ ਰਹੀ ਹੈ।

Previous articleNIA files charges against 6 in 2017 attack on Assam Rifles
Next articlePrasad: Kerala Assembly has no powers on CAA