ਗੜ੍ਹਸ਼ੰਕਰ (ਸਮਾਜਵੀਕਲੀ) : ਇਲਾਕੇ ਦੇ ਪਿੰਡ ਚੱਕ ਨਰਿਆਲ ਵਿੱਚ ਅੱਜ ਪਰਵਾਸੀ ਮਜ਼ਦੂਰਾਂ ਦੀਆਂ ਕਰੀਬ ਪੱਚੀ ਝੁੱਗੀਆਂ ਨੂੰ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਝੁਲਸਣ ਕਾਰਨ ਮੌਤ ਹੋ ਗਈ ਅਤੇ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਖੇਮ ਕਰਨ ਪੁੱਤਰ ਗੰਗੀ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ।
ਇਸ ਮੌਕੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਚੱਕ ਨਰਿਆਲ ਪਿੰਡ ਵਿੱਚ ਰਹਿ ਰਹੇ ਹਨ। ਅੱਜ ਕਰੀਬ ਸਾਢੇ ਤਿੰਨ ਵਜੇ ਅਚਾਨਕ ਝੁੱਗੀ ਵਿੱਚੋਂ ਨਿਕਲੀਆਂ ਅੱਗ ਦੀਆਂ ਲਪਟਾਂ ਚਾਰੇ ਪਾਸੇ ਫੈਲ ਗਈਆਂ ਅਤੇ ਦੇਖਦਿਆਂ ਹੀ ਦੇਖਦਿਆਂ ਉਨ੍ਹਾਂ ਦੀਆਂ ਪੱਚੀ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।
ਉਨ੍ਹਾਂ ਕਿਹਾ ਕਿ ਅਨੇਕਾਂ ਪੁਰਸ਼ ਅਤੇ ਮਹਿਲਾ ਮਜ਼ਦੂਰ ਖੇਤਾਂ ਵਿੱਚ ਕੰਮ ’ਤੇ ਗਏ ਹੋਏ ਸਨ ਜਦ ਕਿ ਕਿਸੇ ਬੀਮਾਰੀ ਕਾਰਨ ਆਪਣੀ ਝੁੱਗੀ ਵਿੱਚ ਆਰਾਮ ਕਰ ਰਿਹਾ ਉਨ੍ਹਾਂ ਦਾ ਸਾਥੀ ਮਜ਼ਦੂਰ ਅੱਗ ਦੀਆਂ ਲਪਟਾਂ ਦੀ ਲਪੇਟ ’ਚ ਆ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਮੌਕੇ ਜੇਜੋਂ ਥਾਣਾ ਦੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਪਿੰਡ ਚੱਕ ਨਰਿਆਲ ਦੇ ਵਸਨੀਕਾਂ ਨੇ ਮਜ਼ਦੂਰਾਂ ਦੇ ਪੁਨਰ ਵਸੇਬੇ ਦਾ ਇੰਤਜ਼ਾਮ ਕਰਨ ਦਾ ਭਰੋਸਾ ਦਿੱਤਾ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ