ਪੁਸਤਕ ‘ਮਾਰਟ੍ਰਡਮ ਟੂ ਫਰੀਡਮ: 100 ਯੀਅਰਜ਼ ਆਫ ਜੱਲ੍ਹਿਆਂਵਾਲਾ ਬਾਗ’ ਉਪਰ ਭਰਵੀਂ ਅਤੇ ਗੰਭੀਰ ਚਰਚਾ ਹੋਈ। ਇਸ ਸਮਾਗਮ ਮੌਕੇ ‘ਦਿ ਟ੍ਰਿਬਿਊਨ ਟਰੱਸਟ’ ਦੇ ਚੇਅਰਮੈਨ ਐੱਨ.ਐੱਨ. ਵੋਹਰਾ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਇਤਿਹਾਸਿਕ ਘਟਨਾ ਤੋਂ ਬਾਅਦ ਭਾਰਤ ਦਾ ਆਜ਼ਾਦੀ ਸੰਗਰਾਮ ਮਘਿਆ। ਸਾਕੇ ਤੋਂ ਬਾਅਦ ਮਹਾਤਮਾ ਗਾਂਧੀ ਕੱਦਵਾਰ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਅਤੇ ਪੰਜਾਬ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਬਰਤਾਨਵੀ ਰਾਜ ਪ੍ਰਤੀ ਵਫ਼ਾਦਾਰੀ ਤਿਆਗ ਦਿੱਤੀ, ਜਿਸ ਨਾਲ ਕ੍ਰਾਂਤੀਕਾਰੀ ਲਹਿਰ ਨੂੰ ਬਲ ਮਿਲਿਆ।
‘ਦਿ ਟ੍ਰਿਬਿਊਨ ਟਰੱਸਟ’ ਵਲੋਂ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਮੌਕੇ ਆਪਣੇ ਅਖ਼ਬਾਰ ‘ਦਿ ਟ੍ਰਿਬਿਊਨ’ ਵਿਚ ਛਪੇ ਪੁਰਾਣੇ ਲੇਖਾਂ ਦੇ ਆਧਾਰ ’ਤੇ ਕੱਢੀ ਗਈ ਇਸ ਪੁਸਤਕ ਦਾ ਸੰਪਾਦਨ ‘ਦਿ ਟ੍ਰਿਬਿਊਨ’ ਦੇ ਸੰਪਾਦਕ ਰਾਜੇਸ਼ ਰਾਮਚੰਦਰਨ ਨੇ ਕੀਤਾ ਹੈ। ਪੈਨਲ ਚਰਚਾ ਦੌਰਾਨ ਇਹ ਗੱਲ ਉੱਭਰੀ ਕਿ ਇਹ ਪੁਸਤਕ ਆਜ਼ਾਦੀ ਲਹਿਰ ਦੇ ਇਤਿਹਾਸ ਦੀ ਖੋਜ ਲਈ ਭਵਿੱਖ ਵਿੱਚ ਇੱਕ ਦਸਤਾਵੇਜ਼ ਵਜੋਂ ਵਰਤੀ ਜਾ ਸਕੇਗੀ। ਸ੍ਰੀ ਵੋਹਰਾ ਨੇ ਕਿਹਾ ਕਿ ਟ੍ਰਿਬਿਊਨ ਟਰੱਸਟ ਨੇ ਇਸ ਪੁਸਤਕ ਨੂੰ ਛਾਪਣ ਦਾ ਫ਼ੈਸਲਾ ਇਸ ਕਰਕੇ ਕੀਤਾ ਕਿਉਂਕਿ ਸਾਡੇ ਕੋਲ ਸਾਕੇ ਸਬੰਧੀ ਘਟਨਾਵਾਂ ਨੂੰ ਬਿਆਨਦੇ ਪੁਰਾਤਨ ਲੇਖ ਅਤੇ ਖ਼ਬਰਾਂ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਬਰਤਾਨਵੀ ਰਾਜ ਦੇ ਪਾਜ਼ ਉਖੇੜਨ ਕਾਰਨ ਉਸ ਸਮੇਂ ਦੇ ‘ਦਿ ਟ੍ਰਿਬਿਊਨ’ ਦੇ ਸੰਪਾਦਕ ਕਾਲੀਨਾਥ ਰੇਅ ਨੂੰ ਚਾਰ ਮਹੀਨਿਆਂ ਲਈ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਅਖਬਾਰ ਦਾ ਪ੍ਰਕਾਸ਼ਨ ਵੀ ਆਰਜ਼ੀ ਤੌਰ ’ਤੇ ਰੋਕ ਦਿੱਤਾ ਗਿਆ ਸੀ।
ਇਸ ਮੌਕੇ ਸੰਪਾਦਕ ਰਾਮਚੰਦਰਨ ਨੇ ਕਿਹਾ ਕਿ ਇਸ ਪੁਸਤਕ ਦੇ ਛਾਪਣ ਤੋਂ ਪਹਿਲਾਂ ਇਤਿਹਾਸਕਾਰ ਵੀ.ਐੱਨ. ਦੱਤਾ ਦੀ 1967 ਵਿੱਚ ਪ੍ਰਕਾਸ਼ਿਤ ਪੁਸਤਕ ਹੀ ਜੱਲ੍ਹਿਆਂਵਾਲਾ ਬਾਗ ਸਾਕੇ ਨੂੰ ਬਿਆਨਦੀ ਇੱਕੋ-ਇੱਕ ਪੁਸਤਕ ਸੀ ਅਤੇ ਬਾਕੀ ਜਾਣਕਾਰੀ ਉਸ ਸਮੇਂ ਦੇ ਸਰਕਾਰ ਪੱਖੀ ਪੈਂਫਲੈਟਾਂ ਅਤੇ ਸਰਕਾਰੀ ਇੰਦਰਾਜਾਂ ਵਿੱਚੋਂ ਮਿਲਦੀ ਹੈ। ਇਸ ਪੁਸਤਕ ਵਿੱਚ ਵੀ.ਐੱਨ. ਦੱਤਾ ਦੀ ਇੰਟਰਵਿਊ ਵੀ ਛਾਪੀ ਗਈ ਹੈ। ਇਸ ਤੋਂ ਇਲਾਵਾ ਨਵਤੇਜ ਸਰਨਾ ਅਤੇ ਰਾਮਚੰਦਰ ਗੁਹਾ ਵਲੋਂ ਪੁਸਤਕ ਲਈ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ, ‘‘ਕਿਸੇ ਨੇ ਵੀ ਜੱਲ੍ਹਿਆਂਵਾਲਾ ਬਾਗ ਸਾਕੇ ਸਬੰਧੀ ਘਟਨਾਵਾਂ ਨੂੰ ਟ੍ਰਿਬਿਊਨ ਵਾਂਗ ਨਹੀਂ ਛਾਪਿਆ ਸੀ। ਕਾਲੀਨਾਥ ਰੇਅ ਨੇ ਸਾਕੇ ਤੋਂ ਪਹਿਲਾਂ ਤਿੰਨ ਸੰਪਾਦਕੀ ਲੇਖ ਲਿਖੇ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਪਰ ਉਨ੍ਹਾਂ ਨੇ ਰਿਹਾਅ ਹੋਣ ਤੋਂ ਬਾਅਦ ਵੀ ਲਿਖਣਾ ਉਸੇ ਤਰ੍ਹਾਂ ਜਾਰੀ ਰੱਖਿਆ ਸੀ।’’ ਇਸ ਚਰਚਾ ਵਿੱਚ ‘ਦਿ ਟ੍ਰਿਬਿਊਨ’ ਦੇ ਸਾਬਕਾ ਚੀਫ ਸੰਪਾਦਕ ਐੱਚ.ਕੇ. ਦੂਆ ਨੇ ਵੀ ਹਿੱਸਾ ਲਿਆ।
INDIA ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਇਤਿਹਾਸਿਕ ਘਟਨਾ ਬਾਅਦ ਆਜ਼ਾਦੀ ਸੰਗਰਾਮ ਮਘਿਆ: ਵੋਹਰਾ