ਜੱਗੂ ਦੇ ਇਸ਼ਾਰੇ ‘ਤੇ ਕੀਤੀ ਸੀ ਮਸਤੀ ਦੀ ਹੱਤਿਆ, ਪੁਲਿਸ ਹਿਰਾਸਤ ਦੌਰਾਨ ਮੁਲਜ਼ਮ ਅੰਗਰੇਜ਼ ਨੇ ਗੁਨਾਹ ਕਬੂਲਿਆ

ਅੰਮਿ੍ਤਸਰ : ਜੇਲ੍ਹ ਵਿਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ‘ਤੇ ਗੈਂਗਸਟਰ ਅੰਗਰੇਜ਼ ਸਿੰਘ ਨੇ ਖਤਰਨਾਕ ਅਪਰਾਧੀ ਕਰਨ ਮਸਤੀ ਦੀ ਹੱਤਿਆ ਦਿੱਲੀ ਵਿਚ ਗਲਾ ਘੁੱਟ ਕੇ ਕਰ ਦਿੱਤੀ ਸੀ। ਹੱਤਿਆਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮ ਨੇ ਮਸਤੀ ਨੂੰ ਨਸ਼ੀਲਾ ਪਦਾਰਥ ਖੁਆ ਦਿੱਤਾ ਸੀ।
ਜੱਗੂ ਨੇ ਆਪਣੇ ਗੁਰਗੇ ਅੰਗਰੇਜ਼ ਨੂੰ ਹੁਕਮ ਦਿੱਤਾ ਸੀ ਕਿ ਮਸਤੀ ਹੁਣ ਉਸ ਦੇ ਕਹਿਣੇ ਵਿਚ ਨਹੀਂ ਹੈ ਅਤੇ ਲੁੱਟ ਦੇ ਕਰੋੜਾਂ ਦੇ ਸਾਮਾਨ ਨੂੰ ਲੈ ਕੇ ਉਹ ਉਸ ਨੂੰ ਤੇਵਰ ਦਿਖਾਉਣ ਲੱਗਾ ਹੈ। ਆਪਣੇ ਆਕਾ ਦੇ ਆਦੇਸ਼ ਮਿਲਦੇ ਹੀ ਅੰਗਰੇਜ਼ ਨੇ ਨਵੰਬਰ 2018 ਨੂੰ ਦਿੱਲੀ ਦੇ ਫਲੈਟ ਵਿਚ ਮਸਤੀ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਆਈ-20 ਕਾਰ ਦੀ ਡਿੱਗੀ ਵਿਚ ਲਾਸ਼ ਨੂੰ ਰੱਖ ਕੇ ਦੂਰ ਛੱਡ ਦਿੱਤਾ।
ਡੀਸੀਪੀ ਮੁਖਵਿੰਦਰ ਸਿੰਘ, ਏਡੀਸੀਪੀ ਕਰਾਈਮ ਜੁਗਰਾਜ ਸਿੰਘ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਮੰਗਲਵਾਰ ਦੀ ਸ਼ਾਮ ਸੀਆਈਏ ਸਟਾਫ ਵਿਚ ਕਰਵਾਈ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਫੜੇ ਗਏ ਅੰਗਰੇਜ਼ ਸਿੰਘ ਨੇ ਪੁਲਿਸ ਹਿਰਾਸਤ ਵਿਚ ਕਬੂਲ ਕੀਤਾ ਹੈੈ ਕਿ ਉਸ ਨੇ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਅਤੇ ਗੁਰੂ ਬਜ਼ਾਰ ਵਿਚ ਦੋ ਲੁੱਟਾਂ ਦੇ ਸਰਗਨਾ ਕਰਨ ਮਸਤੀ ਦੀ ਹੱਤਿਆ ਆਪਣੇ ਆਕਾ ਜੱਗੂ ਦੇ ਇਸ਼ਾਰੇ ‘ਤੇ ਕੀਤੀ ਸੀ। ਗਹਿਣਿਆਂ ਦੀ ਵੰਡ ਨੂੰ ਲੈ ਕੇ ਗੈਂਗਸਟਰਾਂ ਵਿਚ ਵਿਵਾਦ ਛਿੜ ਗਿਆ ਸੀ।
ਮਸਤੀ ਨੇ ਜੱਗੂ ਨੂੰ ਵੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਫਿਰ ਜੱਗੂ ਨੇ ਉਸ ਨੂੰ (ਗੈਂਗਸਟਰ ਅੰਗਰੇਜ਼) ਨੂੰ ਆਦੇਸ਼ ਦਿੱਤਾ ਕਿ ਜਲਦੀ ਤੋਂ ਜਲਦੀ ਮਸਤੀ ਦਾ ਕੰਮ ਤਮਾਮ ਕਰ ਦਿੱਤਾ ਜਾਵੇ। ਮਸਤੀ ਦੀ ਹੱਤਿਆ ਤੋਂ ਬਾਅਦ ਉਸ ਕੋਲ ਤਿੰਨ ਕਿੱਲੋ ਸੋਨਾ ਸੀ। ਜਦਕਿ ਜੱਗੂ ਦੇ ਪੁੱਛੇ ਜਾਣ ‘ਤੇ ਉਸ ਨੇ ਦੱਸਿਆ ਕਿ ਉਸ ਕੋਲ ਕੇਵਲ ਦੋ ਕਿੱਲੋ ਸੋਨਾ ਹੀ ਹੈ। ਅੰਗਰੇਜ਼ ਸਿੰਘ ਨੇ ਪੁੱਛਗਿੱਛ ਵਿਚ ਦੱਸਿਆ ਕਿ ਗਿ੍ਫ਼ਤਾਰੀ ਤੋਂ ਕੁਝ ਦਿਨ ਪਹਿਲਾਂ ਉਸ ਨੇ ਚੰਡੀਗੜ੍ਹ ਦੇ 43 ਸੈਕਟਰ ‘ਚ ਨਿੱਕਾ ਨਾਂ ਦੇ ਨੌਜਵਾਨ ਨੂੰ ਡੇਢ ਕਿੱਲੋ ਸੋਨਾ ਜੱਗੂ ਦੇ ਕਹਿਣ ‘ਤੇ ਦੇ ਦਿੱਤਾ ਸੀ।
ਇਸ ਤੋਂ ਬਾਅਦ ਛੇਹਰਟਾ ਆਪਣੀ ਮਾਸੀ ਸਰਬਜੀਤ ਕੌਰ ਕੋਲ ਰਹਿਣ ਲੱਗਾ। ਮਾਸੀ ਨੇ ਉਸ ਦੀ ਮੁਲਾਕਾਤ ਮਸਤੀ ਦੇ ਰਿਸ਼ਤੇਦਾਰ ਵਿਸ਼ਾਲ ਧੀਰ ਅਤੇ ਤਰਨਤਾਰਨ ਦੇ ਗਹਿਣਾ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਬੰਟੀ ਨਾਲ ਕਰਵਾਈ ਸੀ। ਲੁੱਟ ਦਾ ਸੋਨਾ ਉਸ ਨੇ ਦੋਵਾਂ ਨੂੰ ਵੇਚ ਦਿੱਤਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਅੰਗਰੇਜ਼ ਦੇ ਕਬਜ਼ੇ ‘ਚੋਂ ਪੁਲਿਸ ਨੇ ਹੁਣ 500 ਗ੍ਰਾਮ ਸੋਨਾ ਬਰਾਮਦ ਕੀਤਾ ਹੈ।

Previous articleਸੀਆਈਏ ਸਟਾਫ਼ ਤਰਨਤਾਰਨ ਵੱਲੋਂ ਖ਼ਾਲਿਸਤਾਨ ਪੱਖੀ ਪ੍ਰਚਾਰ ਕਰਨ ਦੇ ਦੋਸ਼ ‘ਚ ਮੋਹਾਲੀ ਨੇੜਿਓਂ ਇਕ ਵਿਅਕਤੀ ਗ੍ਰਿਫ਼ਤਾਰ
Next articleਤਿੰਨ ਮੋਟਰਸਾਈਕਲ ਸਵਾਰਾਂ ਨੇ ਸਕੂਲੀ ਬੱਚੇ ਨੂੰ ਕੀਤਾ ਅਗਵਾ, ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਕੈਮਰੇ