ਜੰਮੂ ਦੇ 5 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬਹਾਲ

ਕਸ਼ਮੀਰ ਵਾਦੀ ’ਚ 50 ਹਜ਼ਾਰ ਲੈਂਡਲਾਈਨ ਫੋਨ ਬਹਾਲ;

ਲੋਕਾਂ ਨੂੰ ਆਉਣ-ਜਾਣ ’ਚ ਵਧੇਰੇ ਖੁੱਲ੍ਹ

  • ਭਲਕ ਤੋਂ ਖੁੱਲ੍ਹਣਗੇ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਦਫ਼ਤਰ

  • ਵਾਦੀ ਦੇ 35 ਪੁਲੀਸ ਥਾਣਿਆਂ ’ਚ ਵੀ ਪਾਬੰਦੀਆਂ ਤੋਂ ਰਾਹਤ

  • ਜੰਮੂ ਦੇ 10 ਜ਼ਿਲ੍ਹਿਆਂ ’ਚ ਕੋਈ ਪਾਬੰਦੀ ਨਹੀਂ

  • ਮੋਬਾਈਲ ਸੇਵਾ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਪੁਲੀਸ ਮੁਖੀ ਵੱਲੋਂ ਚਿਤਾਵਨੀ

ਜੰਮੂ ਖਿੱਤੇ ਦੇ ਪੰਜ ਜ਼ਿਲ੍ਹਿਆਂ ਜੰਮੂ, ਸਾਂਬਾ, ਕਠੂਆ ਊਧਮਪੁਰ ਤੇ ਰਿਆਸੀ ਵਿਚ 2ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਸ਼ਮੀਰ ਵਾਦੀ ਦੇ 35 ਪੁਲੀਸ ਥਾਣਿਆਂ ’ਚ ਵੀ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ। ਕਸ਼ਮੀਰ ਵਾਦੀ ਦੀਆਂ 17 ਟੈਲੀਫੋਨ ਐਕਸਚੇਂਜਾਂ ਦੇ ਸ਼ਨਿਚਰਵਾਰ ਤੋਂ ਮੁੜ ਸਰਗਰਮ ਹੋਣ ਨਾਲ ਕਰੀਬ 50,000 ਲੈਂਡਲਾਈਨ ਫੋਨ 12 ਦਿਨਾਂ ਬਾਅਦ ਚਾਲੂ ਹੋ ਗਏ ਹਨ। ਲੋਕਾਂ ਦੇ ਆਉਣ-ਜਾਣ ’ਤੇ ਵੀ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ। ਹਾਲਾਂਕਿ ਸੁਰੱਖਿਆ ਦਸਤੇ ਵੱਡੀ ਗਿਣਤੀ ਵਿਚ ਤਾਇਨਾਤ ਹਨ। ਸੜਕਾਂ ’ਤੇ ਬੈਰੀਕੇਡ ਲੱਗੇ ਹੋਏ ਹਨ ਪਰ ਸ਼ਨਾਖ਼ਤੀ ਪੱਤਰ ਦਿਖਾਉਣ ’ਤੇ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ। ਵਾਦੀ ਵਿਚ ਕਰੀਬ 100 ਐਕਸਚੇਂਜਾਂ ਹਨ। ਜ਼ਿਆਦਾਤਰ ਬਹਾਲ ਕੀਤੀਆਂ ਗਈਆਂ ਐਕਸਚੇਂਜਾਂ ਸ੍ਰੀਨਗਰ ਦੇ ਸਿਵਲ ਲਾਈਨ, ਛਾਉਣੀ ਇਲਾਕੇ ਵਿਚ ਹਨ ਤੇ ਹਵਾਈ ਅੱਡੇ ਵਾਲੀ ਐਕਸਚੇਂਜ ਵੀ ਸ਼ਾਮਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 20 ਹੋਰ ਐਕਸਚੇਂਜਾਂ ਵੀ ਜਲਦੀ ਚਲਾਈਆਂ ਜਾਣਗੀਆਂ। ਸੂਬਾ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਮੋਬਾਈਲ ਸੇਵਾ ਦੀ ਦੁਰਵਰਤੋਂ ਹੋਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਜੰਮੂ ਦੇ 10 ਜ਼ਿਲ੍ਹਿਆਂ ਵਿਚ ਕੋਈ ਪਾਬੰਦੀ ਨਹੀਂ ਹੈ। ਫ਼ਿਲਹਾਲ ਕੇਂਦਰੀ ਕਸ਼ਮੀਰ ਦੇ ਬਡਗਾਮ, ਸੋਨਮਰਗ ਤੇ ਮਨੀਗਾਮ ਇਲਾਕੇ ਵਿਚ ਲੈਂਡਲਾਈਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਉੱਤਰੀ ਕਸ਼ਮੀਰ ਦੇ ਗੁਰੇਜ਼, ਟੰਗਮਰਗ, ਉੜੀ ਕੇਰਨ ਕਰਨਾਹ ਤੇ ਟੰਗਧਾਰ ਖੇਤਰਾਂ, ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਤੇ ਪਹਿਲਗਾਮ ਇਲਾਕਿਆਂ ’ਚ ਵੀ ਲੈਂਡਲਾਈਨ ਸੇਵਾ ਬਹਾਲ ਹੋ ਗਈ ਹੈ। ਲਾਲ ਚੌਕ ਤੇ ਪ੍ਰੈੱਸ ਐਨਕਲੇਵ ਵਿਚ ਲੈਂਡਲਾਈਨ ਸੇਵਾਵਾਂ ਫ਼ਿਲਹਾਲ ਠੱਪ ਹਨ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਭਲਕ ਤੱਕ ਹੋਰ ਜ਼ਿਆਦਾ ਲੈਂਡਲਾਈਨ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣ। ਇਸ ਤੋਂ ਇਲਾਵਾ ਪੁਣਛ, ਬਨਿਹਾਲ, ਕਿਸ਼ਤਵਾੜ ਤੇ ਭੱਦਰਵਾਹ ਵਿਚ ਵੀ ਰਾਹਤ ਦਿੱਤੀ ਜਾ ਰਹੀ ਹੈ। ਕਸ਼ਮੀਰ ’ਚ ਰਾਹਤ ਵਾਲੇ ਇਲਾਕਿਆਂ ’ਚ ਦੁਕਾਨਾਂ ਅੱਜ ਖੁੱਲ੍ਹੀਆਂ ਰਹੀਆਂ। ਪੁਲੀਸ ਮੁਖੀ ਨੇ ਕਿਹਾ ਕਿ ਹਾਈ ਸਪੀਡ (3ਜੀ ਤੇ 4ਜੀ) ਸੇਵਾਵਾਂ ਸਥਿਤੀ ਦਾ ਜਾਇਜ਼ਾ ਲੈਣ ਪਿੱਛੋਂ ਮੁੜ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਜਦਕਿ ਮੋਬਾਈਲ ਇੰਟਰਨੈੱਟ ਸੇਵਾਵਾਂ ਫ਼ਿਲਹਾਲ ਪੁਣਛ, ਰਾਜੌਰੀ, ਕਿਸ਼ਤਵਾੜ, ਡੋਡਾ ਤੇ ਰਾਮਬਨ ਜ਼ਿਲ੍ਹਿਆਂ ’ਚ ਠੱਪ ਰਹਿਣਗੀਆਂ। ਸੂਬਾਈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਵਾਜਾਈ ਦਰੁਸਤ ਹੈ ਤੇ ਕੋਈ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਸੋਮਵਾਰ ਤੋਂ ਪ੍ਰਾਇਮਰੀ ਪੱਧਰ ਦੇ ਸਾਰੇ ਸਕੂਲ ਤੇ ਸਰਕਾਰੀ ਦਫ਼ਤਰ ਖੁੱਲ੍ਹ ਜਾਣਗੇ। ਸਰਕਾਰੀ ਤਰਜਮਾਨ ਰੋਹਿਤ ਕਾਂਸਲ ਨੇ ਦੱਸਿਆ ਕਿ ਪ੍ਰਾਈਵੇਟ ਵਾਹਨਾਂ ਦੀ ਗਿਣਤੀ ਸੜਕਾਂ ’ਤੇ ਵੱਧ ਰਹੀ ਹੈ। ਡੱਲਗੇਟ ਇਲਾਕੇ ਵਿਚ ਅੰਤਰ-ਜ਼ਿਲ੍ਹਾ ਟੈਕਸੀਆਂ ਵੀ ਚੱਲ ਰਹੀਆਂ ਹਨ। ਕਾਰੋਬਾਰੀ ਅਦਾਰੇ ਤੇ ਗੈਸ ਸਟੇਸ਼ਨ ਅਜੇ ਬੰਦ ਹਨ।

Previous articleIndia hold Australia to 2-2 draw in Olympic test event
Next articleਗੈਂਗਸਟਰ ਸੁੱਖਪ੍ਰੀਤ ਬੁੱਢਾ ਰੋਮਾਨੀਆ ’ਚੋਂ ਗ੍ਰਿਫ਼ਤਾਰ