ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਦੀ ਮੀਟਿੰਗ ਦੌਰਾਨ ਭਾਰਤ ਦੇ ਚੋਟੀ ਦੇ ਸਫ਼ੀਰ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ, ‘ਭਾਰਤ ਦਾ ਅਨਿੱਖੜਵਾ ਅੰਗ ਸੀ ਤੇ ਹਮੇਸ਼ਾ ਰਹੇਗਾ।’ ਪਾਕਿਸਤਾਨ ਨੇ ਅਜੇ ਇਕ ਦਿਨ ਪਹਿਲਾਂ ਕਸ਼ਮੀਰ ਮੁੱਦੇ ’ਤੇ ਕੌਮਾਂਤਰੀ ਭਾਈਚਾਰੇ ਦਾ ਦਖ਼ਲ ਮੰਗਿਆ ਸੀ। ਵਿਦੇਸ਼ ਮੰਤਰਾਲੇ ’ਚ ਸਕੱਤਰ (ਪੱਛਮੀ) ਵਿਕਾਸ ਸਵਰੂਪ ਨੇ ਯੂਐਨ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਦੇ 43ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਨੂੰ ਆਲਮੀ ਦਹਿਸ਼ਤਗਰਦੀ ਦਾ ਕੇਂਦਰ ਦੱਸਿਆ। 24 ਫਰਵਰੀ ਤੋਂ ਸ਼ੁਰੂ ਹੋਇਆ ਇਜਲਾਸ 20 ਮਾਰਚ ਤੱਕ ਚੱਲੇਗਾ। ੳਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਅਸਿੱਧਾ ਹਵਾਲਾ ਦਿੰਦਿਆਂ ਦਹਿਸ਼ਤਗਰਦਾਂ ਨੂੰ ਕੰਟਰੋਲ ਕਰਨ ਦੇ ਨਾਲ ਫੰਡ ਤੇ ਪਨਾਹ ਦੇਣ ਵਾਲੇ ਮੁਲਕਾਂ ਖ਼ਿਲਾਫ਼ ਫੈਸਲਾਕੁਨ ਕਾਰਵਾਈ ਦਾ ਸੱਦਾ ਦਿੱਤਾ। ਚੇਤੇ ਰਹੇ ਕਿ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਦੇ ਫੈਸਲੇ ਮਗਰੋਂ ਪਾਕਿਸਤਾਨ ਲਗਾਤਾਰ ਕਸ਼ਮੀਰ ਮਸਲੇ ਦੇ ਕੌਮਾਂਤਰੀਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਹਾਲਾਂਕਿ ਭਾਰਤ ਨੇ ਕਈ ਮੌਕਿਆਂ ’ਤੇ ਸਪਸ਼ਟ ਕੀਤਾ ਹੈ ਕਿ ਇਹ ਉਹਦਾ ‘ਅੰਦਰੂਨੀ ਮਸਲਾ’ ਹੈ। ਨਵੀਂ ਦਿੱਲੀ ਨੇ ਇਸਲਾਮਾਬਾਦ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਵਿਰੋਧੀ ਹਮਲਾਵਰ ਭਾਸ਼ਾ ਵਰਤਣ ਤੋਂ ਗੁਰੇਜ਼ ਕਰੇ।
ਸ੍ਰੀ ਸਵਰੂਪ ਦਾ ਬਿਆਨ ਉਦੋਂ ਆਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਪਾਕਿ ਦੀ ਮਨੁੱਖੀ ਹੱਕਾਂ ਬਾਰੇ ਮੰਤਰੀ ਸ਼ਿਰੀਨ ਮਜ਼ਾਰੀ ਨੇ ਭਾਰਤ ’ਤੇ ਕਸ਼ਮੀਰ ਦੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਦੋਸ਼ ਮੜਿਆ ਸੀ।
HOME ‘ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਰਹੇਗਾ’