ਜੰਮੂ- ਮੋਬਾਈਲ ਇੰਟਰਨੈੱਟ ਤੇ ਬਰਾਡਬੈਂਡ ਸੇਵਾਵਾਂ ਨੂੰ ਬਹਾਲ ਕਰਨ ਦੇ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਬੁੱਧਵਾਰ ਨੂੰ ਜੰਮੂ ਖੇਤਰ ਦੇ ਵੱਖ ਵੱਖ ਹਿੱਸਿਆਂ ’ਚ ਅੱਜ ਸਵੇਰੇ ਇਹ ਸੇਵਾਵਾਂ ਨਹੀਂ ਸ਼ੁਰੂ ਹੋਈਆਂ। ਇਕ ਦਿਨ ਪਹਿਲਾਂ ਪ੍ਰਸ਼ਾਸਨ ਨੇ ਜੰਮੂ ਖੇਤਰ ਦੇ ਕੁਝ ਹਿੱਸਿਆਂ ਖਾਸ ਕਰਕੇ ਹਸਪਤਾਲ ਤੇ ਬੈਂਕ ਜਿਹੇ ਅਤਿ ਜ਼ਰੂਰੀ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ’ਚ ਇੰਟਰਨੈੱਟ ਸੇਵਾਵਾਂ ਚਾਲੂ ਕਰਨ ਦਾ ਹੁਕਮ ਦਿੱੱਤਾ ਸੀ।
ਜੰਮੂ, ਸਾਂਬਾ, ਕਠੂਆ, ਊਧਮਪੁਰ ਤੇ ਰਿਆਸੀ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਅਜੇ ਸ਼ੁਰੂ ਨਹੀਂ ਹੋਈਆਂ ਕਿਉਂਕਿ ਲੋਕਾਂ ਦੇ ਮੋਬਾਈਲ ਫੋਨਾਂ ’ਤੇ ਇੰਟਰਨੈੱਟ ਡੇਟਾ ਦੇ ਸੰਕੇਤ ਨਹੀਂ ਮਿਲ ਰਹੇ ਹਨ। ਉਧਰ ਸਥਾਨਕ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾਵਾਂ ਨੂੰ ਐਕਟਿਵ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਹੌਲੀ ਹੌਲੀ ਸ਼ੁਰੂ ਕੀਤਾ ਜਾਵੇਗਾ ਤੇ ਅਮਲ ਜਾਰੀ ਹੈ। ਜੰਮੂ ਖੇਤਰ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਨ੍ਹਾਂ (ਸੇਵਾਵਾਂ) ਨੂੰ ਐਕਟਿਵ ਕਰ ਦਿੱਤਾ ਗਿਆ ਹੈ, ਪਰ ਸ਼ੁਰੂ ਹੌਲੀ ਹੌਲੀ ਕੀਤਾ ਜਾਵੇਗਾ। ਅਮਲ ਜਾਰੀ ਹੈ।’ ਚੇਤੇ ਰਹੇ ਕਿ ਜੰਮੂ-ਕਸ਼ਮੀਰ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਇੰਟਰਨੈੱਟ ਤੇ ਬਰਾਡਬੈਂਡ ਸੇਵਾਵਾਂ ਠੱਪ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਦੀ ਸ਼ਾਮ ਨੂੰ ਜੰਮੂ ਖੇਤਰ ਦੇ ਕਈ ਹਿੱਸਿਆਂ ’ਚ ਇੰਟਰਨੈੱਟ ਸੇਵਾ ਤੇ ਹੋਟਲਾਂ ਤੇ ਹਸਪਤਾਲਾਂ ਸਮੇਤ ਜ਼ਰੂਰੀ ਸੇਵਾਵਾਂ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ’ਚ ਬਰਾਡਬੈਂਡ ਇੰਟਰਨੈੱਟ ਸਹੂਲਤ ਬਹਾਲ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਸੀ।
INDIA ਜੰਮੂ ’ਚ ਬਹਾਲ ਨਹੀਂ ਹੋਈਆਂ ਇੰਟਰਨੈੱਟ ਸੇਵਾਵਾਂ