ਅਤਿਵਾਦ ਤੋਂ ਪ੍ਰਭਾਵਿਤ ਗੁਆਂਢੀ ਸੂਬੇ ਜੰਮੂ ਕਸ਼ਮੀਰ ਵਿੱਚ ਪੈਦਾ ਹੋਈ ਸਥਿਤੀ ਕਾਰਨ ਕੇਂਦਰ ਸਰਕਾਰ ਵੱਲੋਂ ਅਮਰਨਾਥ ਯਾਤਰਾ ਰੋਕ ਕੇ ਤੀਰਥ ਯਾਤਰੀਆਂ ਦੇ ਨਾਲ ਸੈਲਾਨੀਆਂ ਨੂੰ ਕਸ਼ਮੀਰ ਘਾਟੀ ਤੁਰੰਤ ਛੱਡ ਦੇਣ ਦੀ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਅਸਰ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਐਡਵਾਈਜ਼ਰੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬੇ ਦੀਆਂ ਸਰਹੱਦਾਂ ’ਤੇ ਤਿੱਖੀ ਨਜ਼ਰ ਰੱਖਣ ਅਤੇ ਪੁਲੀਸ ਨਾਕਿਆਂ ਉਪਰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸੇ ਦੌਰਾਨ ਮਾਧੋਪੁਰ ਵਿੱਚ ਲੱਗੇ ਹੋਏ 2 ਲੰਗਰ ਹਟਾ ਲਏ ਗਏ ਹਨ। ਮੁੱਖ ਮੰਤਰੀ ਵੱਲੋਂ ਨਿਰਦੇਸ਼ ਜਾਰੀ ਹੁੰਦੇ ਸਾਰ ਹੀ ਜ਼ਿਲ੍ਹਾ ਪਠਾਨਕੋਟ ਪੁਲੀਸ ਦੇ ਹਾਈ ਅਲਰਟ ’ਤੇ ਆ ਗਿਆ ਹੈ। ਸੂਬੇ ਵਿੱਚ ਕਸ਼ਮੀਰ ਘਾਟੀ ਤੋਂ ਪ੍ਰਵੇਸ਼ ਕਰਨ ਵਾਲੇ ਵਾਹਨਾਂ ਅਤੇ ਉਨ੍ਹਾਂ ਵਿੱਚ ਸਵਾਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀਆਂ ’ਤੇ ਪੈਨੀ ਨਜ਼ਰ ਰੱਖਣ ਲਈ ਪੁਲੀਸ ਦੀ ਟੁਕੜੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪੁਲੀਸ ਦੇ ਆਲ੍ਹਾ ਅਧਿਕਾਰੀ ਖ਼ੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਅਮਰਨਾਥ ਯਾਤਰੀਆਂ ਨੂੰ ਵਾਪਸ ਆਉਣ ਦੇ ਆਦੇਸ਼ ਤੋਂ ਸ਼ਿਵ ਭਗਤਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਯਾਤਰਾ ਨੂੰ ਰੋਕਣ ਦੀ ਜਗ੍ਹਾ ਹੋਰ ਸੁਰੱਖਿਆ ਪ੍ਰਬੰਧ ਮਜ਼ਬੂਤ ਬਣਾਏ ਜਾਣੇ ਚਾਹੀਦੇ ਸਨ। ਅਮਰਨਾਥ ਯਾਤਰਾ ਦੇ ਘਟਨਾਕ੍ਰਮ ਤੋਂ ਬਾਅਦ ਸ਼ਹਿਰ ਦੇ ਮਾਤਰ ਇੱਕ ਜਗ੍ਹਾ ਟਰੱਕ ਸਟੈਂਡ ਤੇ ਸ਼ਿਵ ਸੇਵਕ ਸਮਿਤੀ ਵੱਲੋਂ ਲਗਾਏ ਗਏ ਲੰਗਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬੀਤੀ ਰਾਤ ਜ਼ਿਲ੍ਹਾ ਪੁਲੀਸ ਮੁਖੀ ਐੱਸਐੱਸਪੀ ਦੀਪਕ ਹਿਲੋਰੀ ਨੇ ਲੰਗਰ ਵਾਲੇ ਸਥਾਨ ਦਾ ਦੌਰਾ ਕੀਤਾ ਅਤੇ ਲੰਗਰ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਆਉਣ-ਜਾਣ ਵਾਲੇ ਯਾਤਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਲੰਗਰ ਵਿੱਚ ਆਉਣ ਵਾਲੇ ਹਰੇਕ ਯਾਤਰੀ ਦਾ ਪੂਰਾ ਬਿਊਰਾ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਐੱਸਪੀ ਆਪਰੇਸ਼ਨ ਹੇਮਪੁਸ਼ਪ ਸ਼ਰਮਾ ਨੇ ਦੱਸਿਆ ਕਿ ਅਮਰਨਾਥ ਯਾਤਰਾ ਸਬੰਧੀ ਜਾਰੀ ਨਿਰਦੇਸ਼ਾਂ ਅਨੁਸਾਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜੰਮੂ-ਕਸ਼ਮੀਰ ਦੇ ਨਾਲ ਲੱਗਣ ਕਾਰਨ ਜ਼ਿਲ੍ਹੇ ਵਿੱਚ ਹਾਈ ਅਲਰਟ ਕੀਤਾ ਹੈ ਅਤੇ ਵਾਪਸ ਜਾ ਰਹੇ ਯਾਤਰੀਆਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
INDIA ਜੰਮੂ-ਕਸ਼ਮੀਰ ਹਾਲਾਤ ਕਾਰਨ ਪਠਾਨਕੋਟ ’ਚ ‘ਹਾਈ ਅਲਰਟ’