ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਮਗਰੋਂ ਅੱਜ 15 ਮੁਲਕਾਂ ਦੇ ਵਿਦੇਸ਼ੀ ਸਫ਼ੀਰਾਂ ਨੇ ਕਸ਼ਮੀਰ ਵਾਦੀ ਦਾ ਦੌਰਾ ਕੀਤਾ, ਜਿੱਥੇ ਇਨ੍ਹਾਂ ਨੇ ਕੁਝ ਚੋਣਵੇਂ ਸਿਆਸੀ ਨੁਮਾਇੰਦਿਆਂ, ਮੋਹਤਬਰਾਂ ਤੇ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਫ਼ੀਰਾਂ ਦੇ ਇਸ ਵਫ਼ਦ ਵਿੱਚ ਭਾਰਤ ਲਈ ਅਮਰੀਕੀ ਸਫ਼ੀਰ ਕੈਨੇਥ ਜਸਟਰ ਵੀ ਸ਼ਾਮਲ ਹੈ। ਇਨ੍ਹਾਂ ਨੇ ਸ੍ਰੀਨਗਰ ਵਿੱਚ ਕਰੀਬ ਸੱਤ ਘੰਟੇ ਬਿਤਾਏ।
ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ, ਜਿਸ ਵਲੋਂ ਫੇਰੀ ਦਾ ਪ੍ਰਬੰਧ ਕੀਤਾ ਗਿਆ ਸੀ, ਦੇ ਤਰਜਮਾਨ ਨੇ ਕਿਹਾ ਕਿ 15 ਮੁਲਕਾਂ ਦੇ ਸਫ਼ੀਰਾਂ ਨੂੰ ਕਸ਼ਮੀਰ ਲਿਜਾਣ ਦਾ ਮਕਸਦ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਵਾਦੀ ਦੇ ਹਾਲਾਤ ਆਮ ਵਰਗੇ ਬਣਾਉਣ ਲਈ ਕੀਤੇ ਗਏ ਯਤਨਾਂ ਨੂੰ ਦਿਖਾਉਣਾ ਹੈ। ਉਨ੍ਹਾਂ ਇਸ ਦੌਰੇ ਦੀ ‘ਤੈਅਸ਼ੁਦਾ ਫੇਰੀ’ ਆਖ ਕੇ ਕੀਤੀ ਜਾ ਰਹੀ ਨਿੰਦਾ ਨੂੰ ਰੱਦ ਕੀਤਾ। ਇਹ ਸਫ਼ੀਰ ਅੱਜ ਸ਼ਾਮ ਹਵਾਈ ਜਹਾਜ਼ ਰਾਹੀਂ ਨਵੇਂ ਬਣਾਏ ਗਏ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਦ ਰੁੱਤ ਦੀ ਰਾਜਧਾਨੀ ਜੰਮੂ ਪੁੱਜੇ, ਜਿੱਥੇ ਉਪ-ਰਾਜਪਾਲ ਜੀ.ਸੀ. ਮੁਰਮੂ ਵਲੋਂ ਇਨ੍ਹਾਂ ਦੇ ਰਾਤਰੀ ਭੋਜ ਦੀ ਮੇਜ਼ਬਾਨੀ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਸ ਤੋਂ ਪਹਿਲਾਂ ਵਿਦੇਸ਼ੀ ਸਫ਼ੀਰਾਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਦੇ ਤਕਨੀਕੀ ਹਵਾਈ ਅੱਡੇ ਲਿਜਾਇਆ ਗਿਆ, ਜਿੱਥੋਂ ਇਨ੍ਹਾਂ ਨੂੰ ਸਿੱਧਾ ਫੌਜੀ ਛਾਉਣੀ ਲਿਜਾ ਕੇ ਉੱਚ ਅਧਿਕਾਰੀਆਂ ਨਾਲ ਮਿਲਵਾਇਆ ਗਿਆ। ਇਸ ਵਫ਼ਦ ਨਾਲ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ (ਪੱਛਮੀ) ਵਿਕਾਸ ਸਵਰੂਪ ਵੀ ਜੰਮੂ-ਕਸ਼ਮੀਰ ਪੁੱਜੇ ਹਨ। ਇਸ ਵਫ਼ਦ ਨੂੰ ਲੈਫਟੀ. ਜਨਰਲ ਕੇ.ਜੇ.ਐੱਸ. ਢਿੱਲੋਂ ਦੀ ਅਗਵਾਈ ਵਾਲੀ ਉੱਚ ਫੌਜੀ ਅਫਸਰਾਂ ਦੀ ਟੀਮ ਨੇ ਵਾਦੀ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਅਤੇ ਪਾਕਿਸਤਾਨ ਵਾਲੇ ਪਾਸਿਉਂ ਆਉਂਦੀਆਂ ਮੁਸ਼ਕਲਾਂ ਬਾਰੇ ਦੱਸਿਆ। ਇਸ ਮਗਰੋਂ ਇਹ ਵਫ਼ਦ ਸਿਆਸੀ ਆਗੂਆਂ ਨੂੰ ਮਿਲਿਆ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਅਲਤਾਫ਼ ਬੁਖ਼ਾਰੀ ਸਣੇ ਅੱਠ ਪੀਡੀਪੀ ਮੈਂਬਰ ਸ਼ਾਮਲ ਸਨ। ਰਾਜਦੂਤਾਂ ਨੇ ਸਥਾਨਕ ਅਖਬਾਰਾਂ ਦੇ ਸੰਪਾਦਕਾਂ ਨਾਲ ਵੀ ਮੁਲਾਕਾਤ ਕੀਤੀ।
HOME ਜੰਮੂ-ਕਸ਼ਮੀਰ ਵਿੱਚ ਫੌਜੀ ਅਧਿਕਾਰੀਆਂ ਨੂੰ ਮਿਲੇ ਵਿਦੇਸ਼ੀ ਸਫ਼ੀਰ