ਜੰਮੂ (ਸਮਾਜ ਵੀਕਲੀ): ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਦਾਅਵਾ ਕੀਤਾ ਕਿ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਨੂੰ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ’ਤੇ ਹੋਣ ਵਾਲੇ ਹਮਲਿਆਂ ਬਾਰੇ ਅਗਾਊਂ ਜਾਣਕਾਰੀ ਸੀ, ਪਰ ਕੇਂਦਰੀ ਮੰਤਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਇਸ (ਜਾਣਕਾਰੀ) ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੰਤਰੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹਾਲਾਤ ਆਮ ਵਾਂਗ ਹੋਣ ਦੇ ਭਾਜਪਾ ਦੇ ‘ਫ਼ਰਜ਼ੀ ਬਿਰਤਾਂਤ ਤੇ ਪ੍ਰਾਪੇਗੰਢਾ’ ਨੂੰ ਵਿਸਥਾਰ ’ਚ ਦੱਸਣ ਲਈ ਆੲੇ ਹਨ। ਕਾਬਿਲੇਗੌਰ ਹੈ ਕਿ ਦਹਿਸ਼ਤਗਰਦ ਕਸ਼ਮੀਰ ਵਾਦੀ ਵਿੱਚ ਇਸੇ ਮਹੀਨੇ ਸੱਤ ਵਿਅਕਤੀਆਂ ਦੀ ਹੱਤਿਆ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਚਾਰ ਘੱਟਗਿਣਤੀ ਭਾਈਚਾਰੇ ਦੇ ਹਨ ਤੇ ਛੇ ਮੌਤਾਂ ਇਕੱਲੇ ਸ੍ਰੀਨਗਰ ਵਿੱਚ ਹੋਈਆਂ ਹਨ।
ਮੁਫ਼ਤੀ ਨੇ ਦਾਅਵਾ ਕੀਤਾ ਕਿ ਹਾਲੀਆ ਹੱਤਿਆਵਾਂ ਮਗਰੋਂ ਸੱਤ ਸੌ ਆਮ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਤਾਂ ਕਿ ਦੋਸ਼ ਕਿਸੇ ਹੋਰ ਸਿਰ ਮੜਿਆ ਜਾ ਸਕੇ। ਸਾਬਕਾ ਮੁੱਖ ਮੰਤਰੀ ਨੇ ਇਕ ਟਵੀਟ ’ਚ ਕਿਹਾ, ‘‘ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਕੋਲ ਘੱਟਗਿਣਤੀਆਂ ’ਤੇ ਹਮਲਿਆਂ ਬਾਰੇ ਅਗਾਊਂ ਜਾਣਕਾਰੀ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਇਸ ਜਾਣਕਾਰੀ ਨੂੰ ਨਜ਼ਰਅੰਦਾਜ਼ ਕੀਤਾ। ਉਹ ਕੇਂਦਰੀ ਮੰਤਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਰੁੱਝੇ ਰਹੇ।’’ ਦੱਸਣਾ ਬਣਦਾ ਹੈ ਕਿ ਮਹਿਬੂਬਾ ਮੁਫ਼ਤੀ ਅੱਜਕੱਲ੍ਹ ਚੇਨਾਬ ਵਾਦੀ ਖੇਤਰ ਦੇ ਪੰਜ ਦਿਨਾਂ ਦੌਰੇ ’ਤੇ ਹਨ। ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਵੱਖ ਵੱਖ ਥਾਈਂ ਪੀਡੀਪੀ ਵਰਕਰਾਂ ਦੀ ਕਨਵੈਨਸ਼ਨ ਨੂੰ ਵੀ ਸੰਬੋਧਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly