ਜੰਮੂ ਕਸ਼ਮੀਰ ਦੇ ਲੋਕ ‘ਖੋਹੇ ਹੱਕ’ ਵਾਪਸ ਲੈਣ ਲਈ ਉੱਠ ਖੜ੍ਹੇ ਹੋਣ: ਮਹਿਬੂਬਾ

Former Jammu and Kashmir Chief Minister Mehbooba Mufti.

ਜੰਮੂ (ਸਮਾਜ ਵੀਕਲੀ):  ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਅੱਜ ਦੁਹਰਾਇਆ ਕਿ ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਸਥਿਤੀ ਬਹੁਤ ਵਿਗੜ ਗਈ ਹੈ। ਉਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ‘ਖੋਹੇ ਗਏ ਹੱਕ ਵਾਪਸ ਲੈਣ ਲਈ’ ਉੱਠ ਖੜ੍ਹੇ ਹੋਣ। ਪੁਣਛ ਵਿਚ ਪਾਰਟੀ ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਫਤੀ ਨੇ ਕਿਹਾ ਕਿ ਧਾਰਾ ਹਟਾਉਣ ਬਾਰੇ ਕੇਂਦਰ ਦਾ ਫ਼ੈਸਲਾ ‘ਗਲਤ, ਗੈਰ-ਸੰਵਿਧਾਨਕ ਤੇ ਗੈਰ-ਲੋਕਤਾਂਤਰਿਕ ਸੀ।’ ਮਹਿਬੂਬਾ ਨੇ ਕਿਹਾ ਕਿ ਇਹ ਜੰਮੂ ਕਸ਼ਮੀਰ ਵਾਸੀਆਂ ਦੇ ਮਾਣ-ਸਨਮਾਨ ਨਾਲ ਖੇਡਣ ਦੇ ਬਰਾਬਰ ਸੀ। ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਇਰਾਦਿਆਂ ’ਤੇ ਸ਼ੱਕ ਹੈ।

ਪੀਡੀਪੀ ਆਗੂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਕਰਾਉਣ ਬਾਰੇ ਸਰਕਾਰ ਦੇ ਇਰਾਦੇ ਸ਼ੱਕੀ ਜਾਪਦੇ ਹਨ। ਮਹਿਬੂਬਾ ਨੇ ਕਿਹਾ ਵਰਤਮਾਨ ਸਥਿਤੀ ਦੇ ਮੱਦੇਨਜ਼ਰ, ਸਭ ਤੋਂ ਵੱਡੀ ਜ਼ਿੰਮੇਵਾਰੀ ਨੌਜਵਾਨਾਂ ਦੀ ਬਣਦੀ ਹੈ। ਧਾਰਾ 370 ਹਟਣ ਤੋਂ ਬਾਅਦ ਸਥਿਤੀ ਬਦਤਰ ਹੋ ਗਈ ਹੈ। ਪੀਡੀਪੀ ਆਗੂ ਨੇ ਕਿਹਾ ਕਿ ਜਦ ਤੱਕ ਉਹ (ਸਰਕਾਰ) ਸਾਡੀ ਹੋਂਦ ਖ਼ਤਮ ਨਹੀਂ ਕਰਦੇ, ਉਹ ਨਹੀਂ ਰੁਕਣਗੇ। ਜੇਕਰ ਲੋਕ ਜੰਮੂ ਕਸ਼ਮੀਰ ਨੂੰ ਜਿਊਂਦਾ ਰੱਖਣਾ ਚਾਹੁੰਦੇ ਹਨ ਤਾਂ ਇਕੋ-ਇਕ ਬਦਲ ਦ੍ਰਿੜ੍ਹਤਾ ਤੇ ਏਕੇ ਨਾਲ ਆਪਣੇ ਹੱਕਾਂ ਲਈ ਖੜ੍ਹੇ ਹੋਣਾ ਹੈ, ਨਹੀਂ ਤਾਂ ਕੇਂਦਰ ਸਰਕਾਰ ਸਾਡਾ ਸਭ ਕੁਝ ਲੁੱਟ ਲਏਗੀ। ਪੀਡੀਪੀ ਆਗੂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਨਿਰਾਸ਼ਾ ਵੱਲ ਧੱਕਿਆ ਜਾ ਰਿਹਾ ਹੈ ਤਾਂ ਕਿ ਜਾਂ ਤਾਂ ਉਹ ਨਸ਼ਿਆਂ ਵਿਚ ਗਲਤਾਨ ਹੋ ਜਾਣ ਜਾਂ ਫਿਰ ਮਰਨ ਲਈ ਹਥਿਆਰ ਚੁੱਕ ਲੈਣ।

ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਮਹਿਬੂਬਾ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਚੋਣਾਂ ਹੋਣਗੀਆਂ, ਕਿਉਂਕਿ ਜਦ ਤੱਕ ਉਨ੍ਹਾਂ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਬਹੁਗਿਣਤੀ ਵੋਟ ਵੰਡੀ ਗਈ ਹੈ, ਉਹ ਚੋਣ ਨਹੀਂ ਕਰਵਾਉਣਗੇ।’ ਉਹ ਪਹਿਲਾਂ ਹੀ ਹਿੰਦੂਆਂ ਨੂੰ ਵੰਡ ਚੁੱਕੇ ਹਨ ਤੇ ਦਲਿਤਾਂ ਨੂੰ ਡਰਾ ਰਹੇ ਹਨ। ਹੁਣ ਉਹ ਵੱਖ-ਵੱਖ ਨਾਵਾਂ, ਪਾਰਟੀਆਂ ਤੇ ਸੰਪਰਦਾਵਾਂ ਦੇ ਅਧਾਰ ’ਤੇ ਮੁਸਲਮਾਨਾਂ ਨੂੰ ਵੰਡ ਰਹੇ ਹਨ। ਉਨ੍ਹਾਂ ਕਈ ਪਾਰਟੀਆਂ ਬਣਾ ਲਈਆਂ ਹਨ ਤੇ ਇਕੋ-ਇਕ ਮੰਤਵ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਨਾ ਹੈ ਤਾਂ ਕਿ ਅਗਸਤ, 2019 ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਜਾ ਸਕੇ। ਮਹਿਬੂਬਾ ਨੇ ਕਿਹਾ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਵਿਚ ਫ਼ੈਸਲੇ ਖ਼ਿਲਾਫ਼ ਕੇਸ ਨੂੰ ਵੀ ਕਮਜ਼ੋਰ ਕਰਨਾ ਚਾਹੁੰਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਭਾਰਤ ਨੇ ਜਾਪਾਨ ਨੂੰ 6-0 ਨਾਲ ਦਰੜਿਆ
Next articleਵਿਧਾਨ ਸਭਾ ਚੋਣਾਂ: ਭਾਜਪਾ ਵੱਲੋਂ ਉਤਰਾਖੰਡ ਤੇ ਯੂਪੀ ਲਈ 150 ਆਗੂ ਤਾਇਨਾਤ