ਪਾਕਿਸਤਾਨ ਨੇ ਭਾਰਤ ਵੱਲੋਂ ਤਾਜ਼ਾ ਰਿਲੀਜ਼ ਕੀਤੇ ਰਾਜਨੀਤਕ ਨਕਸ਼ੇ ਦਾ ਵਿਰੋਧ ਕੀਤਾ ਹੈ, ਜਿਸ ’ਚ ਪੂਰੇ ਕਸ਼ਮੀਰ ਖਿੱਤੇ ਨੂੰ ਭਾਰਤ ਦਾ ਹਿੱਸਾ ਦਿਖਾਇਆ ਗਿਆ ਹੈ। ਪਾਕਿ ਨੇ ਇਸ ਨਕਸ਼ੇ ਨੂੰ ‘ਖ਼ਾਮੀਆਂ ਭਰਪੂਰ ਤੇ ਕਾਨੂੰਨੀ ਤੌਰ ’ਤੇ ਨਾ-ਮੰਨਣਯੋਗ’ ਦੱਸਿਆ ਹੈ। ਭਾਰਤ ਨੇ ਸ਼ਨਿਚਰਵਾਰ ਨੂੰ ਨਵੇਂ ਕਾਇਮ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀਜ਼) ਜੰਮੂ ਕਸ਼ਮੀਰ ਤੇ ਲੱਦਾਖ ਦੇ ਨਵੇਂ ਨਕਸ਼ੇ ਜਾਰੀ ਕੀਤੇ ਹਨ। ਮੁਲਕ ਦੇ ਜਾਰੀ ਕੀਤੇ ਗਏ ਨਕਸ਼ੇ ਵਿਚ ਇਨ੍ਹਾਂ ਨੂੰ ਹੁਣ ਯੂਟੀ ਦਰਸਾਇਆ ਗਿਆ ਹੈ। ਨਕਸ਼ਿਆਂ ਦੇ ਵਿਚ ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਜੰਮੂ ਕਸ਼ਮੀਰ ਯੂਟੀ ਦਾ ਹਿੱਸਾ ਦਰਸਾਇਆ ਗਿਆ ਹੈ ਜਦਕਿ ਗਿਲਗਿਤ-ਬਾਲਟਿਸਤਾਨ ਨੂੰ ਲੱਦਾਖ ਯੂਟੀ ਦਾ ਹਿੱਸਾ ਦਰਸਾਇਆ ਗਿਆ ਹੈ। ਪਾਕਿ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਇਨ੍ਹਾਂ ਨਕਸ਼ਿਆਂ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ ਦੀ ਉਲੰਘਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਕੋਈ ਵੀ ਕਦਮ ਜੰਮੂ ਕਸ਼ਮੀਰ ਦਾ ‘ਵਿਵਾਦਤ’ ਦਰਜਾ ਨਹੀਂ ਬਦਲ ਸਕਦਾ।
HOME ਜੰਮੂ ਕਸ਼ਮੀਰ ਦਾ ਨਵਾਂ ਨਕਸ਼ਾ ਪਾਕਿਸਤਾਨ ਵੱਲੋਂ ਰੱਦ