ਸੈਨਾ ਦਿਵਸ ਮੌਕੇ ਜਨਰਲ ਦੀ ਬੇਬਾਕ ਰਾਏ
ਨਵੀਂ ਦਿੱਲੀ- ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਉਣ ਨੂੰ ‘ਇਤਿਹਾਸਕ ਕਦਮ’ ਕਰਾਰ ਦਿੰਦਿਆਂ ਕਿਹਾ ਕਿ ਇਸ ਕਦਮ ਨੇ ‘ਪੱਛਮੀ ਗੁਆਂਢੀ ਤੇ ਉਸ ਲਈ ਕੰਮ ਕਰਨ ਵਾਲਿਆਂ ਦੀਆਂ ਯੋਜਨਾਵਾਂ ’ਤੇ ਅਸਰ ਪਾਇਆ ਹੈ।’ ਜਨਰਲ ਨਰਵਾਣੇ ਨੇ ਕਰੀਅੱਪਾ ਪਰੇਡ ਮੈਦਾਨ ਵਿਚ 72ਵੇਂ ਥਲ ਸੈਨਾ ਦਿਵਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਥਿਆਰਬੰਦ ਬਲਾਂ ਦੀ ਨੀਤੀ ਦਹਿਸ਼ਤਗਰਦੀ ਨੂੰ ‘ਬਿਲਕੁਲ ਬਰਦਾਸ਼ਤ’ ਨਾ ਕਰਨ ਦੀ ਹੈ।
ਉਨ੍ਹਾਂ ਕਿਹਾ ਕਿ ਅਤਿਵਾਦ ਨੂੰ ਸ਼ਹਿ ਦੇਣ ਵਾਲਿਆਂ ਨੂੰ ਜਵਾਬ ਦੇਣ ਲਈ ਉਨ੍ਹਾਂ ਕੋਲ ਕਈ ਬਦਲ ਹਨ ਤੇ ਇਨ੍ਹਾਂ ਦਾ ਇਸਤੇਮਾਲ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਫ਼ੌਜ ਮੁਖੀ ਨੇ ਕਿਹਾ ਕਿ ਧਾਰਾ 370 ਹਟਾਉਣਾ ਕੌਮੀ ਮੁੱਖ ਧਾਰਾ ਦੇ ਨਾਲ ਜੰਮੂ ਕਸ਼ਮੀਰ ਦੇ ਰਲੇਵੇਂ ਵਿਚ ਮਹੱਤਵਪੂਰਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਨਾ ਸਿਰਫ਼ ‘ਲੁਕਵੀਂ ਜੰਗ’ ਰੁਕੀ ਹੈ ਬਲਕਿ ਹੋਰ ਸਥਿਤੀਆਂ ਦਾ ਵੀ ਮੁਕਾਬਲਾ ਕੀਤਾ ਗਿਆ ਹੈ। ਜਨਰਲ ਨੇ ਕਿਹਾ ਕਿ ਕੰਟਰੋਲ ਰੇਖਾ ਤੇ ਚੌਕਸੀ ਤੇ ਮਜ਼ਬੂਤੀ ਨਾਲ ਸੁਰੱਖਿਆ ਯਕੀਨੀ ਬਣਾਈ ਗਈ ਹੈ। ਐੱਲਓਸੀ ਦੇ ਹਾਲਾਤਾਂ ਦਾ ਜੰਮੂ ਕਸ਼ਮੀਰ ਦੀ ਸਥਿਤੀ ’ਤੇ ਸਿੱਧਾ ਅਸਰ ਪੈਂਦਾ ਹੈ। ਜਨਰਲ ਨਰਵਾਣੇ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇਸ਼ ਲਈ ਬਲੀਦਾਨ ਦਿੱਤਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ। ਫ਼ੌਜੀ ਪਰੇਡ ਵਿਚ ਪਹਿਲੀ ਵਾਰ ‘ਧਨੁਸ਼’ ਤੇ ‘ਕੇ-ਵਜਰ’ ਤੋਪ ਪ੍ਰਣਾਲੀ ਪ੍ਰਦਰਸ਼ਿਤ ਕੀਤੀ ਗਈ।