‘ਜੰਮੂ ਇਲਾਕੇ ਦੇ ਸਮੁੱਚੇ ਡੋਗਰੀ ਲੋਕ ਨਾਚ’

ਡਾ. ਸਨੋਬਰ

(ਸਮਾਜ ਵੀਕਲੀ)

ਜੰਮੂ ਕਸ਼ਮੀਰ ਨੂੰ ਭਾਰਤ ਦਾ ਬਹੁਤ ਹੀ ਖ਼ੂਬਸੂਰਤ ਇਲਾਕਾ ਤੇ ਜੱਨਤ ਮੰਨਿਆ ਜਾਂਦਾ ਹੈ। ਇਸ ਨੂੰ ਡੋਗਰਾ ਸਮਾਜ ਵੀ ਕਿਹਾ ਜਾਂਦਾ ਹੈ। ਕਿਉਂਕਿ ਇੱਥੋਂ ਦੀ ਬੋਲੀ ਜਾਂਦੀ ਡੋਗਰੀ ਭਾਸ਼ਾ ਪੰਜਾਬੀ ਦੀ ਸਭ ਤੋਂ ਵਿਸ਼ੇਸ਼ ਉਪ ਭਾਸ਼ਾ ਹੈ। ‘ਡੁੱਗਰ’ ਸ਼ਬਦ ਦਾ ਵਿਕਾਸ ਦਵਿਗ੍ਰਤ ਤੋਂ ਹੋਇਆ ਮੰਨਿਆ ਜਾਂਦਾ ਹੈ, ਜਿਸ ਦੇ ਅਰਥ ਹਨ ਦੋਹਾਂ ਝੀਲਾਂ ਦੇ ਵਿਚਾਲੇ ਦੀ ਧਰਤੀ। ਜੰਮੂ ਵਿੱਚ ਇਹ ਝੀਲਾਂ ਹਨ ਸਰੋਇਨਸਰ ਤੇ ਮਾਨਸਰ ਪਰ ਡੁੱਗਰ ਸ਼ਬਦ ਜੋ ਬਾਰ੍ਹਵੀਂ ਸਦੀ ਵਿੱਚ ਬਾਬਾ ਫ਼ਰੀਦ ਅਤੇ ਹੋਰ ਬਾਣੀ ‘ਚੋਂ ਮਿਲਦੇ ਹਨ। ਦੁਰਗਮਾ ਅਰਥਾਤ ਪਹਾੜੀ ਤੇ ਬਿਖੜੇ ਇਲਾਕੇ ਨੂੰ ਪ੍ਰਗਟ ਕਰਦਾ ਹੈ। ਇਸ ਦਾ ਹਵਾਲਾ ਅਮੀਰ ਖੁਸਰੋ ਨੇ ਵੀ ਦਿੱਤਾ ਹੈ।

ਇਸ ਤਰ੍ਹਾਂ ਡੋਗਰੀ ਡੁੱਗਰ ਦੇਸ਼ ਦੀ ਬੋਲੀ ਹੈ ਜਿਸ ਦਾ ਖੇਤਰ ਰਾਵੀ ਤੋਂ ਲੈ ਕੇ ਪੱਛਮ ਵਿੱਚ ਚਨਾਬ ਤਕ ਫੈਲਿਆ ਹੋਇਆ ਹੈ ਜਿਸ ਵਿੱਚ ਕਠੂਆ, ਜੰਮੂ ਅਤੇ ਊਧਮਪੁਰ ਤਿੰਨ ਜ਼ਿਲ੍ਹੇ ਸ਼ਾਮਿਲ ਹਨ। ਉਪਰੋਕਤ ਜੰਮੂ ਇਲਾਕੇ ਦੀ ਡੋਗਰੀ ਭਾਸ਼ਾ ਉੱਪਰ ਸੰਖੇਪ ਝਾਤ ਪਾਉਣ ਉਪਰੰਤ ਹੁਣ ਅਸੀਂ ਇੱਥੋਂ ਦੇ ਡੁੱਗਰ ਲੋਕ ਨਾਚਾਂ ਉਪਰ ਸੰਖਿਪਤ ਜਾਣਕਾਰੀ ਦੇਵਾਂਗੇ। ਲੋਕ ਨਾਚ ਰਾਸ਼ਟਰ ਦਾ ਦਰਪਣ ਹੁੰਦੇ ਹਨ, ਜਿਸ ਵਿੱਚ ਰਾਸ਼ਟਰ ਦੀ ਕਲਾ, ਸਮਾਜ, ਸੰਸਕ੍ਰਿਤੀ ਅਤੇ ਰੀਤੀ ਰਿਵਾਜਾਂ ਨੂੰ ਦੇਖਿਆ ਜਾ ਸਕਦਾ ਹੈ। ਪ੍ਰਾਚੀਨ ਕਾਲ ਤੋਂ ਹੀ ਇਹ ਕਲਾ, ਸਮਾਜ ਦੇ ਕਈ ਰੀਤੀ ਰਿਵਾਜਾਂ ਜਾਂ ਧਾਰਮਿਕ ਕਿਰਿਆਵਾਂ ਦੀ ਪੂਰਤੀ ਕਰਦੀ ਹੋਈ ਸਾਧਾਰਨ ਮੁਦਰਾਵਾਂ ਨੂੰ ਹੌਲੇ-ਹੌਲੇ ਇੱਕ ਵਿਗਿਆਨਕ ਗਿਆਨ ਅਤੇ ਭਾਵਪੂਰਤ ਬੋਲੀ ਦਾ ਰੂਪ ਦਿੰਦੀ ਹੋਈ ਆਧੁਨਿਕ ਨਾਜ਼ਰ ਆਧੁਨਿਕ ਨਾਚ ਦਾ ਰੂਪ ਧਾਰਨ ਕਰ ਗਈ ਹੈ।

ਹਰ ਸਮੇਂ ਹਰ ਅਵਸਰ ਨਾਲ ਸੰਬੰਧਿਤ ਵੱਖੋ ਵੱਖਰੇ, ਵੰਨ-ਸੁਵੰਨੇ ਨਾਚ ਨੱਚੇ ਗਏ ਸਨ। ਜਿਨ੍ਹਾਂ ਦੁਆਰਾ ਮਨੁੱਖ ਆਪਣੇ ਮਨ ਦੇ ਹਾਵ- ਭਾਵ ਪ੍ਰਗਟ ਕਰ ਸਕਦਾ ਹੈ। ਇਸ ਤਰ੍ਹਾਂ ਲੋਕ ਨਾਚ ਹਰ ਦੇਸ਼ ਦਾ ਅਮੁੱਲ ਵਿਰਸਾ ਅਤੇ ਭੰਡਾਰ ਹੁੰਦੇ ਹਨ। ਇਸ ਤਰ੍ਹਾਂ ਜੰਮੂ ਇਲਾਕੇ ਦੇ ਡੁੱਗਰ ਲੋਕ ਨਾਚਾਂ ਦੀ ਆਪਣੀ ਅਲੱਗ ਖਾਸੀਅਤ ਅਤੇ ਵਿਲੱਖਣਤਾ ਹੈ ਡੁੱਗਰ ਦੇ ਲੋਕ ਨਾਚਾਂ ਨੂੰ ਹੇਠ ਲਿਖੇ ਤਰਾਂ ਵਿਭਾਜਿਤ ਕੀਤਾ ਜਾਂਦਾ ਹੈ।

ਜਿਵੇਂ ਕਿ : ਭੰਗੜਾ, ਡੇਕੂ, ਘਰੇਲੂ ਨਾਚ, ਸੋਹਾਣੀ , ਫੁੰਮਣੀ, ਚੌਕੀ, ਕਿੱਕਲੀ ਤੰਮਚੜਾ, ਜਾਗਰਨਾ, ਛੱਜਾ ਨਾਚ, ਗੋਜਰਾ ਨਾਚ। ਡੋਗਰਾ ਇਲਾਕੇ ਦੇ ਇਹ ਉਪਰੋਕਤ ਲੋਕ ਨਾਚ ਹਨ ਜਿਨ੍ਹਾਂ ਦੀਆਂ ਮੁਦਰਾਵਾਂ ਤੋਂ ਇਥੋਂ ਦੇ ਸੱਭਿਆਚਾਰ ਤੇ ਇਸਦੀ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ।

1. ਭੰਗੜਾ :
ਭੰਗੜਾ ਪੰਜਾਬ ਦਾ ਲੋਕ ਨਾਚ ਹੈ ਅਤੇ ਵਿਆਹ ਸ਼ਾਦੀ ਦੀ ਖੁਸ਼ੀ ਉੱਪਰ ਵੀ ਪਾਇਆ ਜਾਂਦਾ ਹੈ ਪਰ ਇਹ ਲੋਕ ਨਾਚ ਡੁੱਗਰ ਦਾ ਵੀ ਪ੍ਰਚੀਨ ਨਾਚ ਰਹਿ ਚੁੱਕਾ ਹੈ। ਕਿਉਂਕਿ ਦੋਹਾਂ ਇਲਾਕਿਆਂ ਦੀ ਸਾਂਝੇਦਾਰੀ ਹੋਣ ਕਾਰਨ ਇਹ ਲੋਕ ਨਾਚ ਦੋਹਾਂ ਖੇਤਰਾਂ ਵਿਚ ਹੀ ਮਕਬੂਲ ਤੇ ਲੋਕਪ੍ਰਿਅ ਰਹਿ ਚੁੱਕਾ ਹੈ। ਜੰਮੂ ਅਖਨੂਰ ਸੜਕ ਤੇ ਨਾਗਬਨੀ ਵਿੱਚ ‘ ਥਿੜ ਵਿਸਾਖੀ’ ਤੇ ਝੀੜੀ ਦਾ ਮੇਲਾ ਲੱਗਦਾ ਹੈ, ਉੱਥੇ ਪਾਇਆ ਜਾਂਦਾ ਭੰਗੜਾ ਦੂਰ ਦੂਰ ਤੱਕ ਮਸ਼ਹੂਰ ਹੈ, ਪਰ ਇਸ ਨਾਚ ਦੀ ਚਾਲ ਪੰਜਾਬੀ ਭੰਗੜੇ ਤੋਂ ਥੋੜ੍ਹੀ ਵੱਖਰੀ ਹੈ।

2. ਡੇਕੂ:
ਪਹਾੜੀ ਬੋਲੀ ਵਿਚ ਡੇਕੂ ਦਾ ਅਰਥ ਹੈ ਮੇਲਾ। ਮੇਲਿਆਂ ਤੇ ਨੱਚੇ ਜਾਂਦੇ ਪਹਾੜੀ ਨਾਚ ਲੋਕਾਂ ਲਈ ਮਨੋਰੰਜਨ ਤੇ ਆਕਰਸ਼ਨ ਦਾ ਕੇਂਦਰ ਬਣਦੇ ਹਨ। ਇਸ ਨਾਚ ਨੂੰ ਪਹਾੜੀ ਨਾਚ ਵੀ ਕਿਹਾ ਜਾਂਦਾ ਹੈ। ਇਸ ਨੂੰ ਕੁੱਦ ਵੀ ਆਖਦੇ ਹਨ ਪਰ ਅਸਲ ਨਾਂ ਡੇਕੂ ਹੈ ਇਹ ਧਾਰਮਿਕ ਲੋਕ ਨਾਚ ਹੈ ਤੇ ਆਮ ਤੌਰ ਤੇ ਪਹਾੜੀ ਦੇਵਸਥਾਨਾਂ ਉੱਪਰ ਇਹ ਲੋਕ ਨਾਚ ਪੇਸ਼ ਕੀਤਾ ਜਾਂਦਾ ਹੈ। ਅੱਜਕੱਲ੍ਹ ਵਿਆਹ ਸ਼ਾਦੀ ਦੀ ਖੁਸ਼ੀ ਦੇ ਮੌਕੇ ਉਪਰ ਇਹ ਡੇਕੂ ਨਾਚ ਪੇਸ਼ ਕੀਤਾ ਜਾਣ ਲੱਗ ਪਿਆ ਹੈ।

3. ਘਰੇਲੂ ਨਾਚ: ਘਰੇਲੂ ਨਾਚ ਭੱਦਰਵਾਈ ਲੋਕ ਗੀਤਾਂ ਦੀ ਖ਼ਾਸ ਕਿਸਮ ਹੈ ਇਹ ਔਰਤਾਂ ਦੇ ਗੀਤ ਜਿਹੜੇ ਆਮ ਤੌਰ ਤੇ ਗੋਰੀ ਪਾਰਵਤੀ ਦੀ ਸਤੁਤੀ ਵਿੱਚ ਗਾਏ ਜਾਂਦੇ ਹਨ। ਭੱਦਰਵਾਹ ਦੇ ‘ਜ਼ਨਾਨਾ ਡੇਕੂ’ ਦੀ ਸੰਗਤ ਚੁੱਕਣ ਨਾਲ ਘਰੇਲੂ ਗੀਤਾਂ ਦੇ ਨਾਂ ਉਪਰ ਇਸ ਜ਼ਨਾਨਾ ਨਾਚ ਦਾ ਨਾਂ ਵੀ ਘਰੇਲੂ ਨਾਚ ਹੀ ਹੈ। ਡੇਕੂ ਨਾਚ ਵਿੱਚ ਔਰਤ ਮਰਦ ਦੋਵੇਂ ਸ਼ਾਮਲ ਹੋ ਕੇ ਨੱਚਦੇ ਹਨ। ਇਹ ਨਾਚ ਕਰਵਾ ਚੌਥ ਦੇ ਪਹਿਲੇ ਰੋਜ਼ ਨੱਚਿਆ ਜਾਂਦਾ ਹੈ।

4. ਲੋਹੜੀ:
ਇਹ ਕਿਸ਼ਤਵਾੜ ਅਰਥਾਤ ਹੋਰ ਪਹਾੜੀ ਇਲਾਕਿਆਂ ਦਾ ਨਾਚ ਗੀਤ ਵੀ ਹੈ, ਜਿਸ ਦਾ ਸਬੰਧ ਇਸ ਫ਼ਸਲ ਦੀ ਕਟਾਈ ਨਾਲ ਹੈ ਜੋ ਕਣਕ ਜਾਂ ਚਾਵਲ ਦੀਆਂ ਪੁੱਲੀਆਂ ਵਿਚਕਾਰ ਮਰਦ ਅਤੇ ਔਰਤਾਂ ਇੱਕ ਪਾਸੇ ਖੜੋਕੇ ਹੱਥਾਂ ਵਿੱਚ ਲੰਮੇ ਡੰਡੇ ਲੈ ਕੇ ਜਿਨ੍ਹਾਂ ਨਾਲ ਘੁੰਗਰੂ ਬੰਨੇ ਹੁੰਦੇ ਹਨ ਨਾਲ ਫ਼ਸਲ ਦੀ ਕਟਾਈ ਕੀਤੀ ਜਾਂਦੀ ਹੈ। ਇਨ੍ਹਾਂ ਡੰਡਿਆਂ ਨੂੰ ‘ਛਿੰਣੀ’ ਕਿਹਾ ਜਾਂਦਾ ਹੈ।

5. ਫੁੰਮਣੀ:
ਇਹ ਡੁੱਗਰ ਦੇਸ਼ ਦਾ ਪ੍ਰਾਚੀਨ ਤੇ ਦੇਵਸਥਾਨ ਸੰਬੰਧੀ ਲੋਕ ਨਾਚ ਹੈ। ‘ਬਾਵਾ ਸੁਰਗਲ’ ਜਾਂ ‘ਗੁੱਗਾ’ ਤੇ ‘ਬਾਸਕ’ ਨਾਂ ਦੇ ਦੇਵਤਿਆਂ ਦਾ ਕੰਢੀ ਦੇ ਜਨਜੀਵਨ ਉਪਰ ਬਹੁਤ ਪ੍ਰਭਾਵ ਹੈ। ਲੋਕਾਂ ਦਾ ਵਿਸ਼ਵਾਸ ਹੈ ਜੇ ਦੇਵਤੇ ਉਨ੍ਹਾਂ ਦੇ ਬਾਲ- ਬੱਚਿਆਂ ਦੀ ਤੇ ਰੋਗ ਤੇ ਸੱਪ ਕੀਡ਼ਿਆਂ ਦੀ ਰੱਖਿਆ ਕਰਦੇ ਹਨ। ਫੁੰਮਣੀ ਨਾਚ ‘ਕਿਸ਼’ ਘਰਾਣੇ ਵਿੱਚ ਪਿਤਾ ਪੁਰਖੀ ਚੱਲਦਾ ਆਉਂਦਾ ਹੈ।

6. ਚੌਕੀ:
ਡੁੱਗਰ ਦੀ ਕੰਢੀ ਦਾ ਇੱਕ ਆਪਣਾ ਫ਼ਸਲੀ ਨਾਚ ਹੈ। ‘ਚੌਕੀ’ ਇਹ ਨਾਚ ਫੁੰਮਣੀ ਨਾਲ ਬਹੁਤ ਮਿਲਦਾ ਜੁਲਦਾ ਹੈ ਪਿੰਡਾਂ ਦੇ ਹਿੰਦੂ, ਮੁਸਲਮਾਨ ਤੇ ਹਰੀਜਨ ਸਭ ਇਕੱਠੇ ਮਿਲ ਕੇ ਇਸ ਨਾਚ ਵਿੱਚ ਸ਼ਾਮਿਲ ਹੋ ਕੇ ਡੁੱਗਰ ਦੀ ਮਜ਼੍ਹਬੀ ਤੇ ਧਾਰਮਿਕ ਭਾਈਚਾਰਕ ਏਕਤਾ ਦਾ ਖੂਬਸੂਰਤ ਨਜ਼ਾਰੇ ਨੂੰ ਦਰਸਾਉਂਦੇ ਹਨ।

7. ਕਿੱਕਲੀ:
ਇਹ ਨਾਚ ਬਹੁਤ ਸਾਧਾਰਨ ਲੋਕ ਨਾਚ ਹੈ, ਜਿਹੜਾ ਉੱਤਰ ਪ੍ਰਦੇਸ਼, ਪੰਜਾਬ, ਡੁੱਗਰ ਤੋਂ ਲੈ ਕੇ ਕਸ਼ਮੀਰ ਤੱਕ ਦੇ ਕਿਤੇ ਮਹਾਰਾਸ਼ਟਰ ਵਿਚ ਵੀ ਇਹ ਨਾਚ ਵੇਖਣ ਨੂੰ ਮਿਲਦਾ ਹੈ। ਕਸ਼ਮੀਰੀ ਬੋਲੀ ਵਿੱਚ ਇਸਨੂੰ ‘ਹੱਕਤ’ ਕਿਹਾ ਜਾਂਦਾ ਹੈ ਮਹਾਰਾਸ਼ਟਰ ਵਿੱਚ ਇਸ ਨਾਚ ਨੂੰ ‘ਫੁੱਗਣੀ’ ਕਿਹਾ ਜਾਂਦਾ ਹੈ। ਇਸ ਨਾਚ ਲਈ ਕਿਸੇ ਸਾਜ਼ ਦੀ ਲੋੜ ਨਹੀਂ ਹੁੰਦੀ। ਘਰ ਦਾ ਵਿਹੜਾ ਹੀ ਇਸ ਨਾਚ ਲਈ ਬਹੁਤ ਹੁੰਦਾ ਹੈ। ਨੱਚਣ ਲਈ ਦੋ ਕੁਡ਼ੀਆਂ ਦੀ ਜੋੜੀ ਬਣਾਈ ਜਾਂਦੀ ਹੈ, ਤੇ ਇੱਕ ਦੂਸਰੇ ਦਾ ਹੱਥ ਫੜ ਕੇ ਚੱਕਰ ਮਾਰਦੀਆਂ ਹਨ ਅਤੇ ਗੀਤ ਗਾਉਂਦੀਆਂ ਹਨ।

8. ਤੰਮਹਚੱੜਾ:
ਇਹ ਔਰਤਾਂ ਦਾ ਨਾਚ ਹੈ। ਇਸ ਨਾਚ ਦਾ ਡੁੱਗਰ ਵਿੱਚ ਕਾਫੀ ਪ੍ਰਚੱਲਨ ਹੈ। ਇਸ ਨਾਚ ਵਿੱਚ ਕਦੇ ਕਦੇ ਕਿੱਕਲੀ ਦਾ ਦੌਰ ਵੀ ਚੱਲ ਪੈਂਦਾ ਹੈ। ਜਦੋਂ ਕੋਈ ਲਾੜਾ ਵਿਆਹਿਆ ਨਹੀਂ ਜਾਂਦਾ ਤਦ ਤੱਕ ਉਸ ਦੇ ਘਰ ਰਾਤੀਂ ਔਰਤਾਂ ਦੁਆਰਾ ਤੰਮਹੱਚੜਾ ਪਾਇਆ ਜਾਂਦਾ ਹੈ ਤੇ ਰਾਤ ਭਰ ਜ਼ਨਾਨੀਆਂ ਖੁਸ਼ੀ ਨਾਲ ਨੱਚਦੀਆਂ ਗਾਉਂਦੀਆਂ ਹਨ।
9. ਜਾਗਰਨਾਂ:
ਇਹ ਨਾਚ ਵੀ ਔਰਤਾਂ ਦਾ ਲੋਕ ਨਾਚ ਹੈ, ਜਿਹੜਾ ਕਿਸੇ ਗੱਭਰੂ ਦੇ ਵਿਆਹ ਦੀ ਖੁਸ਼ੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਔਰਤਾਂ ਸਾਰੀ ਰਾਤ ਜਾਗਰਨਾ ਕਰਦੀਆਂ ਹਨ ਤੇ ਤੰਮਹੱਚੜਾ ਪਾਈ ਰੱਖਦੀਆਂ ਹਨ। ਇਸੇ ਕਰਕੇ ਇਸ ਨੂੰ ‘ਜਾਗਰਨਾ’ ਕਿਹਾ ਜਾਂਦਾ ਹੈ।

10. ਛੱਜਾ:
ਇਹ ਨਾਚ ਜੰਮੂ ਦਾ ਖ਼ਾਸ ਨਾਚ ਹੈ ਇਹ ਨਾਚ ਜੰਮੂ ਵਿੱਚ ਲੱਗਦੇ ਇਲਾਕਿਆਂ ਵਿਚ ਦੇਖਣ ਵਿੱਚ ਆਉਂਦਾ ਹੈ। ਲੋਹੜੀ ਦੇ ਤਿਉਹਾਰ ਉੱਪਰ ਇਹ ਨਾਚ ਪੇਸ਼ ਕੀਤਾ ਜਾਂਦਾ ਹੈ। ਨਾਚ ਦਾ ਕਾਰਨ ਇਹ ਕਿ ਇਸ ਨਾਚ ਦੇ ਨਾਲ ਨਾਲ ਇੱਕ ‘ਛੱਜਾ’ ਵੀ ਨਚਾਇਆ ਜਾਂਦਾ ਹੈ 11. ਗੋਜਰੀ ਨਾਚ: ਲੜਕੇ ਦੀ ਵਿਆਹ ਦੀ ਖੁਸ਼ੀ ਵਿੱਚ ਗੁੱਜਰ ਲੋਕ ਇਹ ਨਾਚ ਨੱਚਦੇ ਹਨ ਤੇ ਗੀਤ ਗਾਉਂਦੇ ਹਨ ਇਹ ਲੋਕ ਨਾਚ ਸਾਦਾ ਹੁੰਦਾ ਹੈ, ਪਰ ਬਹੁਤ ਰੌਣਕੀ ਤੇ ਧਮਾਲ ਪਾਉਣ ਵਾਲਾ ਹੁੰਦਾ ਹੈ। ਮਰਦ ਲੋਕ ਆਪਣੀ ਰਵਾਇਤੀ ਪੌਸ਼ਾਕ ਵਿੱਚ ਇੱਕ ਗੋਲ ਘੇਰੇ ਵਿੱਚ ਖੜ੍ਹੇ ਹੋ ਜਾਂਦੇ ਹਨ ਅਤੇ ਕੁੱਝ ਗੁਜਰ ਔਰਤਾਂ ਆਪਣੀ ਰਵਾਇਤੀ ਪੌਸ਼ਾਕ ਤੇ ਗਹਿਣੇ ਪਹਿਨ ਕੇ ਇਕ ਪਾਸੇ ਖੜ੍ਹੀਆਂ ਹੁੰਦੀਆਂ ਹਨ ਤੇ ਫਿਰ ਢੋਲਕ ਦੀ ਤਾਲ ਤੇ ਇਹ ਨਾਚ ਨੱਚਿਆ ਜਾਂਦਾ ਹੈ।

ਇਸ ਤਰ੍ਹਾਂ ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਅਸੀਂ ਇਹ ਆਖ ਸਕਦੇ ਹਾਂ ਕਿ ਇਹ ਸਾਰੇ ਲੋਕ ਨਾਚ ਜੰਮੂ ਇਲਾਕੇ ਦੇ ਪ੍ਰਮੁੱਖ ਲੋਕ ਨਾਚ ਹਨ। ਇਨ੍ਹਾਂ ਡੁੱਗਰ ਨਾਚਾਂ ਰਾਹੀਂ ਇਥੋਂ ਦੀ ਸੰਸਕ੍ਰਿਤੀ ਤੇ ਰਸਮ ਰਿਵਾਜਾਂ ਦਾ ਵਿਆਖਿਆ ਸਪਸ਼ਟ ਰੂਪ ਵਿੱਚ ਨਜ਼ਰ ਆ ਜਾਂਦਾ ਹੈ। ਇਹ ਲੋਕ ਨਾਚ ਭਾਈਚਾਰਕ ਏਕਤਾ ਦਾ ਪ੍ਰਤੀਕ ਵੀ ਹਨ ਅਤੇ ਮਨੁੱਖ ਜਾਤੀ ਵਿੱਚ ਆਪਸੀ ਪਿਆਰ ਤੇ ਮੁਹੱਬਤ ਵੀ ਪੈਦਾ ਕਰਦੇ ਹਨ। ਇਸ ਤਰ੍ਹਾਂ ਇਹ ਲੋਕ ਨਾਚ ਜੰਮੂ ਦੇ ਇਲਾਕੇ ਦੀ ਆਪਣੀ ਵੱਖਰੀ ਪਹਿਚਾਣ ਅਤੇ ਵਿਸ਼ੇਸ਼ਤਾ ਸਥਾਪਿਤ ਕਰਦੇ ਹਨ।

ਡਾ. ਸਨੋਬਰ
ਮੁਖੀ ਪੰਜਾਬੀ ਵਿਭਾਗ
ਗੌਰਮਿੰਟ ਕਾਲਜ ਫਾਰ ਵੁਮੈਨ, ਪਰੇਡ ਗਰਾਊਂਡ, ਜੰਮੂ।
ਫੋਨ:9419127228

Previous articlePriyanka visits Ravidas temple in Varanasi
Next articleਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਦੇ ਨਾਂ