ਜੰਗ-ਏ-ਆਜ਼ਾਦੀ ਮਿਊਜ਼ੀਅਮ ’ਚ ਬਣਾਈ ਜਾਵੇਗੀ ਮਾਸਟਰ ਤਾਰਾ ਸਿੰਘ ਦੀ ਯਾਦਗਾਰ

ਅੰਮ੍ਰਿਤਸਰ (ਸਮਾਜਵੀਕਲੀ) :   ਸਰਕਾਰ ਵੱਲੋਂ ਜੰਗ-ਏ-ਆਜ਼ਾਦੀ ਮਿਊਜ਼ੀਅਮ ਵਿੱਚ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ। ਇਹ ਐਲਾਨ ਅੱਜ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮਾਸਟਰ ਤਾਰਾ ਸਿੰਘ ਦੀ ਯਾਦ ਵਿੱਚ ਮਨਾਏ ਗਏ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ। ਬੜੇ ਹੀ ਸਾਦੇ ਢੰਗ ਨਾਲ ਇਹ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿੱਚ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ, ਮਾਸਟਰ ਤਾਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੇ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਜੰਗ-ਏ-ਆਜ਼ਾਦੀ ਮਿਊਜ਼ੀਅਮ ਵਿੱਚ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ, ਜਿਥੇ ਉਨ੍ਹਾਂ ਦੀਆਂ ਯਾਦਗਾਰੀ ਵਸਤੂਆਂ ਨੂੰ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋ ਚੁੱਕੀ ਹੈ।

ਮਾਸਟਰ ਤਾਰਾ ਸਿੰਘ ਦੀ ਪਰਿਵਾਰਕ ਮੈਂਬਰ ਬੀਬੀ ਕਿਰਨਜੋਤ ਕੌਰ, ਜੋ ਕਿ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ, ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਪੰਥ ਦੇ ਉਹ ਆਗੂ ਸਨ, ਜੋ ਪੀੜ੍ਹੀ ਦਰ ਪੀੜ੍ਹੀ ਲੋਕ ਦਿਲਾਂ ’ਤੇ ਰਾਜ ਕਰਦੇ ਰਹਿਣਗੇ। ਇਕ ਹੋਰ ਪਰਿਵਾਰਕ ਮੈਂਬਰ ਪ੍ਰੋ. ਜਸਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਸਟਰ ਜੀ ਇਕ ਰਾਜਨੀਤਕ, ਧਾਰਮਿਕ ਤੋਂ ਇਲਾਵਾ ਇਕ ਚੰਗੇ ਲੇਖਕ ਵੀ ਸਨ।

ਮਾਸਟਰ ਤਾਰਾ ਸਿੰਘ ਦੇ ਪੋਤ ਨੂੰਹ ਡਾ. ਜਸਪ੍ਰੀਤ ਕੌਰ ਨੇ ਉਨ੍ਹਾਂ ਦੇ ਸੁੰਤਰਤਾ ਸੰਗਰਾਮ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦੇ ਯੋਗਦਾਨ ਨੂੰ ਯਾਦ ਕਰਦੇ ਕਈ ਅਣਛੂਹੇ ਵਰਕੇ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।

Previous articleਦੋ ਤੋਂ ਵੱਧ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ
Next articleਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਸੂਚੀ ਜਾਰੀ