ਸਿਡਨੀ ਬੁੱਧਵਾਰ ਨੂੰ ਵੀਹ ਹਜ਼ਾਰ ਦੇ ਕਰੀਬ ਲੋਕਾਂ ਨੇ ਇੱਥੇ ਰੈਲੀ ਕਰਕੇ ਆਸਟਰੇਲੀਆ ਦੀ ਸਰਕਾਰ ਤੋਂ ਵਾਤਾਵਰਣ ਮੁੱਦੇ ਉੱਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਕਿਉਂਕਿ ਜੰਗਲੀ ਅੱਗਾਂ ਕਾਰਨ ਸ਼ਹਿਰ ਤਪ ਰਿਹਾ ਹੈ ਅਤੇ ਲੋਕਾਂ ਨੂੰ ਸਿਹਤ ਸਬੰਧੀ ਰੋਗ ਵਧ ਰਹੇ ਹਨ। ਸਿਡਨੀ ਦੇ ਆਲੇ ਦੁਆਲੇ ਅੱਗਾਂ ਲੱਗਣ ਕਾਰਨ ਸਿਡਨੀ ਵਾਸੀਆਂ ਨੂੰ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਦੇਸ਼ ਵਿੱਚ ਹਜ਼ਾਰਾਂ ਹੀ ਥਾਵਾਂ ਉੱਤੇ ਜੰਗਲਾਂ ਵਿੱਚ ਅੱਗਾਂ ਲੱਗੀਆਂ ਹੋਈਆਂ ਹਨ। ਸਿਡਨੀ ਵਿੱਚ ਇਸ ਕਰਕੇ ਫੈਲੇ ਧੂੰਏ ਕਾਰਨ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਹੀ 25 ਫੀਸਦੀ ਵਾਧਾ ਹੋ ਗਿਆ ਹੈ। ਮੰਗਲਵਾਰ ਨੂੰ ਜੰਗਲੀ ਅੱਗ ਦੇ ਧੂੰਏ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਧੂੰਏ ਦੀ ਪਸਰੀ ਭਿਆਨਕ ਚਾਦਰ ਕਾਰਨ ਇਮਾਰਤਾਂ ਨੂੰ ਖਾਲੀ ਕਰਵਾਉਣ ਦੀ ਨੌਬਤ ਆ ਗਈ ਹੈ। ਸਕੂਲ ਵਿਦਿਆਰਥੀ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਹਨ ਅਤੇ ਆਵਾਜਾਈ ਰੁਕ ਗਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ਉੱਤੇ ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਅੱਗਾਂ ਸਮੇਂ ਤੋਂ ਪਹਿਲਾਂ ਲੱਗ ਰਹੀਆਂ ਹਨ ਅਤੇ ਸੋਕਾ ਪੈਣ ਕਾਰਨ ਇਹ ਹੋਰ ਵੀ ਭਿਆਨਕ ਰੂਪ ਲੈ ਰਹੀਆਂ ਹਨ। ਅੱਜ ਲੋੋਕਾਂ ਵੱਲੋਂ ਕੱਢੀ ਰੈਲੀ ਦੇ ਵਿੱਚ ਸ਼ਾਮਲ ਹੋਏ ਮੁਜ਼ਾਹਰਾਕਾਰੀਆਂ ਦੀ ਗਿਣਤੀ ਪੁਲੀਸ ਨੇ 15000 ਦੱਸੀ ਹੈ ਪਰ ਪ੍ਰਬੰਧਕਾਂ ਨੇ ਗਿਣਤੀ 20000 ਹੋਣ ਦਾ ਦਾਅਵਾ ਕੀਤਾ ਹੈ। ਬਹੁਤੇ ਮੁਜ਼ਾਹਰਾਕਾਰੀ ਇਸ ਸੰਕਟ ਦੀ ਘੜੀ ਸਰਕਾਰ ਵੱਲੋਂ ਧਾਰੀ ਚੁੱਪ ਤੋਂ ਖਫ਼ਾ ਸਨ।
World ਜੰਗਲ ਦੀ ਅੱਗ ਦੇ ਖ਼ਤਰੇ ਵਿਰੁੱਧ ਹਜ਼ਾਰਾਂ ਲੋਕ ਸੜਕਾਂ ’ਤੇ ਉੱਤਰੇ