ਰਾਜਸਥਾਨ ਰੌਇਲਜ਼ ਨੇ ਜੋਸ ਬਟਲਰ ਦੀ 89 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅੱਜ ਇੱਥੇ ਆਈਪੀਐਲ ਟੀ-20 ਮੈਚ ਦੇ ਰੋਮਾਂਚਕ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਸੱਤ ਮੈਚਾਂ ਵਿੱਚ ਦੂਜੀ ਜਿੱਤ ਦਰਜ ਕੀਤੀ ਹੈ। ਮੁੰਬਈ ਇੰਡੀਅਨਜ਼ ਨੇ ਘਰੇਲੂ ਮੈਦਾਨ ’ਤੇ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਕਵਿੰਟਨ ਡੀਕਾਕ ਦੀ 81 ਦੌੜਾਂ ਦੀ ਪਾਰੀ ਨਾਲ ਪੰਜ ਵਿਕਟਾਂ ’ਤੇ 187 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਨੇ ਬਟਲਰ ਦੀ 43 ਗੇਂਦਾਂ ’ਤੇ ਅੱਠ ਚੌਕੇ ਅਤੇ ਸੱਤ ਛੱਕਿਆਂ ਦੀ ਨੀਮ ਸੈਂਕੜਾ ਪਾਰੀ ਦੀ ਬਦੌਲਤ 19.3 ਓਵਰਾਂ ਵਿੱਚ ਛੇ ਵਿਕਟਾਂ ’ਤੇ 188 ਦੌੜਾਂ ਬਣਾ ਕੇ ਟੂਰਨਾਮੈਂਟ ਦੀ ਦੂਜੀ ਜਿੱਤ ਹਾਸਲ ਕੀਤੀ। ਇਹ ਮੁੰਬਈ ਇੰਡੀਅਨਜ਼ ਦੀ ਸੱਤ ਮੈਚਾਂ ਵਿੱਚ ਤੀਜੀ ਹਾਰ ਸੀ। ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ (21 ਗੇਂਦਾਂ ਵਿੱਚ 37 ਦੌੜਾਂ, ਛੇ ਚੌਕੇ ਅਤੇ ਇੱਕ ਛੱਕਾ) ਅਤੇ ਬਟਲਰ ਨੇ ਮਿਲ ਕੇ ਚੰਗੀ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਨੇ ਕੁੱਝ ਸ਼ਾਨਦਾਰ ਸ਼ਾਟ ਮਾਰ ਕੇ ਰਾਜਸਥਾਨ ਨੂੰ ਪਾਵਰ ਪਲੇਅ ਵਿੱਚ 59 ਦੌੜਾਂ ਬਣਾਉਣ ਵਿੱਚ ਮਦਦ ਕੀਤੀ। ਇਸ ਸਕੋਰ ਵਿੱਚ ਇੱਕ ਦੌੜ ਹੋਰ ਬਣਨ ਮਗਰੋਂ ਰਹਾਣੇ ਦੀ ਵਿਕਟ ਡਿੱਗ ਗਈ। ਉਹ ਕੁਣਾਲ ਪੰਡਿਆ (34 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਗੇਂਦ ’ਤੇ ਸੂਰਿਆ ਕੁਮਾਰ ਯਾਦਵ ਨੂੰ ਕੈਚ ਦੇ ਬੈਠਾ। ਬਟਲਰ ਅਤੇ ਸੰਜੂ ਸੈਮਸਨ ਨੇ ਇਸ ਮਗਰੋਂ ਜ਼ਿੰਮੇਵਾਰੀ ਨਾਲ ਖੇਡਣਾ ਜਾਰੀ ਰੱਖਿਆ। ਬਟਲਰ ਆਪਣੀ ਪਾਰੀ ਦੌਰਾਨ ਸੈਂਕੜਾ ਮਾਰਨ ਤੋਂ ਖੁੰਝ ਗਿਆ। ਉਹ ਸੱਤਵਾਂ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਰਾਹੁਲ ਚਾਹੜ ਦਾ ਸ਼ਿਕਾਰ ਬਣਿਆ ਅਤੇ ਸੂਰਿਆ ਕੁਮਾਰ ਯਾਦਵ ਨੇ ਕੈਚ ਲੈ ਲਿਆ। ਬਟਲਰ ਅਤੇ ਸੈਮਸਨ ਨੇ 87 ਦੌੜਾਂ ਦੀ ਭਾਈਵਾਲੀ ਕੀਤੀ। ਸੈਮਸਨ ਨੂੰ ਜਸਪ੍ਰੀਤ ਬੁਮਰਾਹ (23 ਦੌੜਾਂ ਦੇ ਕੇ ਦੋ ਵਿਕਟਾਂ) ਨੇ ਐਲਬੀਡਬਲਯੂ ਆਊਟ ਕੀਤਾ।ਉਸ ਦੇ ਆਊਟ ਹੋਣ ਤੱਕ ਟੀਮ ਆਸਾਨੀ ਨਾਲ ਟੀਚੇ ਵੱਲ ਵਧ ਰਹੀ ਸੀ, ਪਰ ਇਸ ਮਗਰੋਂ ਟੀਮ ਨੇ ਛੇਤੀ ਹੀ ਤਿੰਨ ਵਿਕਟਾਂ ਗੁਆ ਲਈਆਂ, ਜਿਸ ਵਿੱਚ ਸਟੀਵ ਸਮਿੱਥ (12 ਦੌੜਾਂ) ਦੀ ਵਿਕਟ ਵੀ ਸ਼ਾਮਲ ਸੀ। ਆਖ਼ਰੀ ਓਵਰਾਂ ਵਿੱਚ ਛੇ ਦੌੜਾਂ ਚਾਹੀਦੀਆਂ ਸਨ, ਪਰ ਸ਼੍ਰੇਅਸ ਗੋਪਾਲ (ਸੱਤ ਗੇਂਦਾਂ ਵਿੱਚ ਨਾਬਾਦ 13 ਦੌੜਾਂ) ਨੇ ਦਬਾਅ ਵਿੱਚ ਆਏ ਬਿਨਾਂ ਤੀਜੀ ਗੇਂਦ ’ਤੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਡੀਕਾਕ ਨੇ 52 ਗੇਂਦਾਂ ਦੀ ਪਾਰੀ ਦੌਰਾਨ ਛੇ ਚੌਕੇ ਅਤੇ ਚਾਰ ਛੱਕੇ ਮਾਰੇ ਅਤੇ ਉਸ ਨੂੰ ਕਪਤਾਨ ਰੋਹਿਤ ਸ਼ਰਮਾ (32 ਗੇਂਦਾਂ ਵਿੱਚ 47 ਦੌੜਾਂ) ਨਾਲ ਚੰਗਾ ਸਹਿਯੋਗ ਮਿਲਿਆ, ਜਿਸ ਨੇ ਪੈਰ ਦੀ ਸੱਟ ਮਗਰੋਂ ਵਾਪਸੀ ਕੀਤੀ। ਰੋਹਿਤ ਮੁੰਬਈ ਦੇ ਪਿਛਲੇ ਮੈਚ ਵਿੱਚ ਨਹੀਂ ਖੇਡਿਆ ਸੀ। ਹਾਰਦਿਕ ਪੰਡਿਆ ਨੇ ਅਖ਼ੀਰ ਵਿੱਚ 11 ਗੇਂਦਾਂ ’ਤੇ 28 ਦੌੜਾਂ ਬਣਾਈਆਂ। ਇਸ ਨਾਲ ਮੁੰਬਈ ਦੀ ਟੀਮ 190 ਦੇ ਸਕੋਰ ਦੇ ਨੇੜੇ-ਤੇੜੇ ਪਹੁੰਚ ਗਈ। ਰੋਹਿਤ ਅਤੇ ਡੀਕਾਕ ਨੇ ਵਿਰੋਧੀ ਟੀਮ ਦੇ ਹਮਲੇ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ 96 ਦੌੜਾਂ ਜੋੜੀਆਂ। ਤੀਜੇ ਓਵਰ ਵਿੱਚ ਇਨ੍ਹਾਂ ਦੋਵਾਂ ਨੇ 18 ਦੌੜਾਂ ਬਣਾਈਆਂ, ਜਿਸ ਵਿੱਚ ਦੱਖਣੀ ਅਫਰੀਕਾ ਦੇ ਖਿਡਾਰੀ ਨੇ ਕ੍ਰਿਸ਼ਣੱਪਾ ਗੌਤਮ ’ਤੇ ਇੱਕ ਛੱਕਾ ਅਤੇ ਇੱਕ ਚੌਕਾ ਮਾਰਿਆ। ਇਸ ਮਗਰੋਂ ਰੋਹਿਤ ਨੇ ਧਵਲ ਕੁਲਕਰਨੀ ਨੂੰ ਤਿੰਨ ਚੌਕੇ ਮਾਰੇ, ਜਿਸ ਵਿੱਚ ਇੱਕ ਸ਼ਾਨਦਾਰ ਕਵਰ ਡਰਾਈਵ ਵੀ ਸ਼ਾਮਲ ਸੀ, ਜਿਸ ਨਾਲ ਮੁੰਬਈ ਨੂੰ ਇਸ ਓਵਰ ਵਿੱਚ 14 ਦੌੜਾਂ ਮਿਲੀਆਂ। ਮੁੰਬਈ ਨੇ ਪਾਵਰ ਪਲੇਅ ਦੌਰਾਨ ਬਿਨਾਂ ਵਿਕਟ ਗੁਆਏ 57 ਦੌੜਾਂ ਬਣਾ ਲਈਆਂ। ਡੀਕਾਕ ਨੇ ਸਿਰਫ਼ 34 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ ਜੋਫਰਾ ਆਰਚਰ ਦੀ ਗੇਂਦ ’ਤੇ ਜੋਸ ਬਟਲਰ ਨੂੰ ਕੈਚ ਦੇ ਦਿੱਤਾ। ਇਹ ਮੁੰਬਈ ਲਈ ਪਹਿਲਾ ਝਟਕਾ ਸੀ। ਇਸ ਮਗਰੋਂ ਰਾਜਸਥਾਨ ਨੇ ਚੰਗੀ ਵਾਪਸੀ ਕਰਦਿਆਂ ਸੂਰਿਆ ਕੁਮਾਰ ਯਾਦਵ (16 ਦੌੜਾਂ) ਅਤੇ ਕੀਰੋਨ ਪੋਲਾਰਡ (ਛੇ ਦੌੜਾਂ) ਦੀ ਵਿਕਟਾਂ ਝਟਕ ਦਿੱਤੀਆਂ, ਜਿਸ ਨਾਲ ਮੁੰਬਈ ਦਾ ਸਕੋਰ ਤਿੰਨ ਵਿਕਟਾਂ ’ਤੇ 136 ਦੌੜਾਂ ਹੋ ਗਿਆ। ਰਾਜਸਥਾਨ ਦੇ ਗੇਂਦਬਾਜ਼ਾਂ ਨੇ ਫਿਰ ਡੀਕਾਕ ਅਤੇ ਇਸ਼ਾਨ ਕਿਸ਼ਨ ਦੀਆਂ ਵਿਕਟਾਂ ਲਈਆਂ। ਫਿਰ ਹਾਰਦਿਕ ਨੇ ਵਧੀਆ ਪਾਰੀ ਖੇਡੀ। ਇਹ ਰੋਹਿਤ ਦਾ ਮੁੰਬਈ ਇੰਡੀਅਨਜ਼ ਲਈ ਕਪਤਾਨ ਵਜੋਂ 100ਵਾਂ ਮੈਚ ਸੀ, ਜਿਸ ਵਿੱਚ ਹੁਣ ਬੰਦ ਹੋ ਚੁੱਕੀ ਚੈਂਪੀਅਨਜ਼ ਲੀਗ ਟੀ-20 ਦੇ ਮੈਚ ਵੀ ਸ਼ਾਮਲ ਹਨ। ਇਹ ਮੁੰਬਈ ਦਾ ਓਵਰਆਲ 200ਵਾਂ ਮੈਚ ਸੀ।
Sports ਜੋਸ ਨੇ ਉਡਾਏ ਮੁੰਬਈ ਇੰਡੀਅਨਜ਼ ਦੇ ਹੋਸ਼