ਜੋਧਪੁਰ (ਸਮਾਜ ਵੀਕਲੀ) : ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿਚਲੇ ਇਕ ਫਾਰਮ ਵਿੱਚੋਂ ਅੱਜ 11 ਪਾਕਿਸਤਾਨੀ ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪਰਿਵਾਰ ਦਾ ਇਕ ਜੀਅ ਦੇਛੂ ਇਲਾਕੇ ਦੇ ਲੋਧਤਾ ਪਿੰਡ ਵਿਚਲੀ ਇਕ ਝੌਂਪੜੀ ਬਾਹਰੋਂ ਜ਼ਿੰਦਾ ਮਿਲਿਆ ਹੈ ਜਿਸ ਤੋਂ ਪੁਲੀਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਐਸਪੀ ਰਾਹੁਲ ਬਰਹਾਟ ਨੇ ਦੱਸਿਆ ਕਿ ਜੀਵਤ ਮਿਲੇ ਵਿਅਕਤੀ ਨੇ ਘਟਨਾ ਬਾਰੇ ਅਗਿਆਨਤਾ ਪ੍ਰਗਟਾਈ ਹੈ।
ਇਹ ਘਟਨਾ ਰਾਤ ਸਮੇਂ ਵਾਪਰੀ ਜਾਪਦੀ ਹੈ। ਐਸਪੀ ਨੇ ਦੱਸਿਆ, ‘‘ ਅਸੀਂ ਮੌਤ ਦੇ ਕਾਰਨਾਂ ਦਾ ਪਤਾ ਲਾਊਣ ਦੀ ਕੋਸ਼ਿਸ਼ ਰਹੇ ਹਾਂ। ਪਰ ਲਗਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਨੇ ਰਾਤ ਸਮੇਂ ਕੋਈ ਜ਼ਹਿਰੀਲਾ ਕੈਮੀਕਲ ਨਿਗਲ ਕੇ ਖੁਦਕੁਸ਼ੀ ਕੀਤੀ ਹੈ। ’’ ਊਨ੍ਹਾਂ ਕਿਹਾ ਕਿ ਝੌਂਪੜੀ ਵਿਚੋਂ ਕੈਮੀਕਲ ਦੀ ਬਦਬੂ ਆ ਰਹੀ ਸੀ। ਜਾਣਕਾਰੀ ਅਨੁਸਾਰ ਮਿ੍ਤਕ ਇਕੋ ਪਰਿਵਾਰ ਦੇ ਹਨ ਤੇ ਊਹ ਪਾਕਿਸਤਾਨ ਦੇ ਪਰਵਾਸੀ ਹਿੰਦੂ ਹਨ ਜੋ ਭੀਲ ਫਿਰਕੇ ਨਾਲ ਸਬੰਧਤ ਸਨ। ਊਹ ਪਿੰਡ ਵਿਚਲੇ ਇਸ ਫਾਰਮ ਵਿੱਚ ਰਹਿੰਦੇ ਸਨ ਤੇ ਊਨ੍ਹਾਂ ਨੇ ਇਹ ਫਾਰਮ ਖੇਤੀ ਲਈ ਠੇਕੇ ’ਤੇ ਲਿਆ ਹੋਇਆ ਸੀ।
ਐਸਪੀ ਨੇ ਦੱਸਿਆ ਕਿ ਪਰਿਵਾਰ ਦੇ ਕਿਸੇ ਵੀ ਜੀਅ ਦੇ ਸਰੀਰ ’ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਹਨ। ਕੇਵਲ ਰਾਮ (ਜ਼ਿੰਦਾ ਬਚਿਆ ਪਰਿਵਾਰ ਦਾ ਮੈਂਬਰ) ਨੇ ਦੱਸਿਆ ਕਿ ਸਭਨਾਂ ਨੇ ਰਾਤ 9 ਤੋਂ 10 ਵਜੇ ਵਿਚਾਲੇ ਰਾਤ ਦਾ ਖਾਣਾ ਖਾਧਾ ਅਤੇ ਸੌਣ ਚਲੇ ਗਏ। ਊਸ ਨੇ ਦੱਸਿਆ ਕਿ ਊਹ ਡੰਗਰਾਂ ਤੋਂ ਫਸਲ ਦੀ ਰਾਖੀ ਲਈ ਖੇਤ ਚਲਾ ਗਿਆ ਅਤੇ ਜਦੋਂ ਸਵੇਰੇ ਊਹ ਪਰਤਿਆ ਤਾਂ ਊਸ ਨੇ ਦੇਖਿਆ ਕਿ ਪਰਿਵਾਰ ਦੇ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਬੁਧਰਾਮ(75), ਊਸਦੀ ਪਤਨੀ ਅੰਤਾਰਾ ਦੇਵੀ; ਪੁੱਤਰ ਰਵੀ(31), ਧੀਆਂ ਜੀਆ(25) ਅਤੇ ਸੁਮਨ (22), ਪੋਤਰੇ ਮੁਕੱਦਸ(17) ਅਤੇ ਨੈਣ(12); ਲਕਸ਼ਮੀ (40) ਅਤੇ ਕੇਵਲ ਰਾਮ ਦੇ ਤਿੰਨ ਨਾਬਾਲਗ ਬੱਚਿਆਂ ਵਜੋਂ ਹੋਈ ਹੈ।