ਪਿੰਡ ਮੌਲੀ ਵਿਖੇ ਛੱਪੜ ਦੀ ਸਫਾਈ ਦਾ ਜਾਇਜਾ ਲੈਂਦੇ ਹੋਏ ਜੋਗਿੰਦਰ ਸਿੰਘ ਮਾਨ, ਦਲਜੀਤ ਰਾਜੂ ਦਰਵੇਸ਼ ਪਿੰਡ, ਸਰਪੰਚ ਸੁਲੱਖਣ ਸਿੰਘ ਅਤੇ ਹੋਰ।
ਬਰਸਾਤ ਤੋਂ ਪਹਿਲਾਂ ਸਫਾਈ ਕਰਾਉਣ ਦਾ ਦਿੱਤਾ ਭਰੋਸਾ
ਕਿਹਾ – ਅਧੂਰੇ ਵਿਕਾਸ ਨੂੰ ਵੀ ਜਲਦੀ ਪੂਰਾ ਕਰਾਇਆ ਜਾਵੇਗਾ
ਫਗਵਾੜਾ – (ਹਰਜਿੰਦਰ ਛਾਬੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਹੁਕਮਾ ਅਧੀਨ ਪਿੰਡਾਂ ਦੇ ਛੱਪੜਾਂ ਦੀ ਸਫਾਈ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਅਤੇ ਜਲਦੀ ਤੋਂ ਜਲਦੀ ਨੇਪਰੇ ਚਾੜਨ ਦੇ ਮਕਸਦ ਨਾਲ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪਿੰਡ ਮੌਲੀ ਦਾ ਦੌਰਾ ਕੀਤਾ ਅਤੇ ਛੱਪੜ ਦੀ ਸਥਿਤੀ ਦਾ ਜਾਇਜਾ ਲਿਆ। ਉਹਨਾਂ ਪੰਚਾਇਤ ਨੂੰ ਭਰੋਸਾ ਦਿੱਤਾ ਕਿ ਛਪੜ ਦੀ ਸਫਾਈ ਬਹੁਤ ਜਲਦੀ ਕਰਵਾਈ ਜਾਵੇਗੀ ਤਾਂ ਜੋ ਪਿੰਡ ਵਾਸੀਆਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਦੌਰਾਨ ਪੰਚਾਇਤ ਵਲੋਂ ਉਹਨਾਂ ਦੇ ਧਿਆਨ ਵਿਚ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜ ਵੀ ਲਿਆਂਦੇ ਗਏ। ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਗਲੀਆਂ, ਨਾਲੀਆਂ ਸਮੇਤ ਹੋਰ ਸਾਰੇ ਅਧੂਰੇ ਕੰਮਾਂ ਨੂੰ ਬਹੁਤ ਜਲਦੀ ਪੂਰਾ ਕਰਵਾਇਆ ਜਾਵੇਗਾ ਵਿਕਾਸ ਕਾਰਜਾਂ ਵਿਚ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਬੀ.ਡੀ.ਪੀ.ਓ. ਹਰਬਲਾਸ ਬਾਗਲਾ, ਪੰਚਾਇਤ ਸਕੱਤਰ ਸੰਜੀਵ ਕੁਮਾਰ, ਪੰਚਾਇਤ ਸਕੱਤਰ ਸੰਤੋਖ ਸਿੰਘ ਤੋਂ ਇਲਾਵਾ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਸਰਪੰਚ ਸੁਲੱਖਣ ਸਿੰਘ ਮੌਲੀ, ਭੁਪਿੰਦਰ ਸਿੰਘ ਨੰਬਰਦਾਰ, ਅਮਰੀਕ ਸਿੰਘ, ਸੁੱਚਾ ਰਾਮ ਨੰਬਰਦਾਰ, ਚਰਨਜੀਤ ਪੰਚ, ਮੋਹਨ ਪੰਚ, ਮਨਜੀਤ ਕੁਮਾਰ ਪੰਚ, ਗੁਰਪ੍ਰੀਤ ਸਿੰਘ ਪੰਚ, ਸੰਤੋਖ ਸਿੰਘ ਪੰਚ ਅਤੇ ਚੰਨਣ ਲਾਲ ਆਦਿ ਹਾਜਰ ਸਨ।