ਨੋਵਾਕ ਜੋਕੋਵਿਚ ਨੇ ਅੱਜ ਇੱਥੇ ਰੋਜਰ ਫੈਡਰਰ ਨੂੰ ਪੰਜ ਸੈੱਟ ਤੱਕ ਚੱਲੇ ਸਭ ਤੋਂ ਲੰਮੇ ਅਤੇ ਰੋਮਾਂਚਕ ਫਾਈਨਲ ਵਿੱਚ 7-6 (5), 1-6, 7-6 (4), 13-12 (3) ਨਾਲ ਹਰਾ ਕੇ ਪੰਜਵੀਂ ਵਾਰ ਵਿੰਬਲਡਨ ਖ਼ਿਤਾਬ ਜਿੱਤਿਆ। ਇਹ ਮੈਚ ਚਾਰ ਘੰਟੇ 55 ਮਿੰਟ ਤੱਕ ਚੱਲਿਆ। ਫੈਡਰਰ ਨੇ ਬਿਹਤਰ ਖੇਡ ਵਿਖਾਈ, ਪਰ ਜੋਕੋਵਿਚ ਨੇ ਤਿੰਨ ਸੈੱਟ ਟਾਈਬ੍ਰੇਕਰ ਵਿੱਚ ਜਿੱਤ ਕੇ ਆਪਣਾ 16ਵਾਂ ਗਰੈਂਡ ਸਲੈਮ ਖ਼ਿਤਾਬ ਹਾਸਲ ਕੀਤਾ। ਫੈਡਰਰ ਅਤੇ ਜੋਕੋਵਿਚ ਤੀਜੀ ਵਾਰ ਵਿੰਬਲਡਨ ਫਾਈਨਲ ਵਿੱਚ ਆਹਮੋ-ਸਾਹਮਣੇ ਹੋਏ ਸਨ। ਇਸ ਹਾਰ ਨਾਲ 37 ਸਾਲ ਦੇ ਫੈਡਰਰ ਦਾ 21ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਫੈਡਰਰ ਅੱਠ ਵਾਰ ਵਿੰਬਲਡਨ ਚੈਂਪੀਅਨ ਰਹਿ ਚੁੱਕਾ ਹੈ ਅਤੇ ਨੌਵੇਂ ਖ਼ਿਤਾਬ ਦੀ ਦੌੜ ਵਿੱਚ ਸੀ। ਇਸ ਤੋਂ ਪਹਿਲਾਂ ਸਾਲ 2014 ਅਤੇ ਸਾਲ 2015 ਵਿੱਚ ਜੋਕੋਵਿਚ ਜਿੱਤਾਂ ਹਾਸਲ ਕਰਨ ਵਿੱਚ ਸਫਲ ਰਿਹਾ ਸੀ। ਪਹਿਲੇ ਸੈੱਟ ਵਿੱਚ ਦੋਵਾਂ ਖਿਡਾਰੀਆਂ ਨੇ ਆਪਣੀਆਂ ਸਰਵਿਸਾਂ ਬਚਾਈ ਰੱਖੀਆਂ। ਇਸ ਦੌਰਾਨ ਸਿਰਫ਼ ਫੈਡਰਰ ਨੂੰ 2-1 ਦੇ ਸਕੋਰ ’ਤੇ ਇੱਕ ਵਾਰ ਬਰੇਕ ਪੁਆਇੰਟ ਦਾ ਮੌਕਾ ਮਿਲਿਆ ਸੀ, ਪਰ ਉਦੋਂ ਉਸ ਦਾ ਫੋਰਹੈਂਡ ਬਾਹਰ ਚਲਾ ਗਿਆ। ਟਾਈਬ੍ਰੇਕਰ ਵਿੱਚ ਫੈਡਰਰ ਲਗਾਤਾਰ ਚਾਰ ਅੰਕ ਬਣਾਉਣ ਮਗਰੋਂ 5-3 ਨਾਲ ਅੱਗੇ ਸੀ, ਪਰ ਅਗਲੇ ਤਿੰਨ ਮੌਕਿਆਂ ’ਤੇ ਉਸ ਦਾ ਫੋਰਹੈਂਡ ਸਹੀ ਨਹੀਂ ਲੱਗਿਆ, ਜਦਕਿ ਮੈਚ ਪੁਆਇੰਟ ’ਤੇ ਉਸ ਨੇ ਬੈਕਹੈਂਡ ਬਾਹਰ ਮਾਰ ਦਿੱਤਾ, ਜਿਸ ਕਾਰਨ ਜੋਕੋਵਿਚ ਸ਼ੁਰੂ ਵਿੱਚ ਲੀਡ ਬਣਾਉਣ ਵਿੱਚ ਸਫਲ ਰਿਹਾ। ਦੂਜੇ ਸੈੱਟ ਵਿੱਚ ਹਾਲਾਂਕਿ ਫੈਡਰਰ ਸ਼ੁਰੂ ਤੋਂ ਹੀ ਭਾਰੂ ਪੈ ਗਿਆ। ਉਸ ਨੇ ਜੋਕੋਵਿਚ ਦੀਆਂ ਸ਼ੁਰੂਆਤੀ ਦੋਵੇਂ ਸਰਵਿਸ ਤੋੜ ਕੇ 4-0 ਦੀ ਲੀਡ ਬਣਾ ਲਈ। ਇਸ ਮਗਰੋਂ ਉਸ ਨੇ ਸੱਤਵੀਂ ਗੇਮ ਵਿੱਚ ਮੈਚ ਬਰਾਬਰੀ ’ਤੇ ਲਿਆਂਦਾ। ਜੋਕੋਵਿਚ ਨੇ ਪਹਿਲੇ ਸੈੱਟ ਵਿੱਚ 14 ਵਿਨਰ ਲਗਾਏ ਸਨ, ਪਰ ਦੂਜੇ ਸੈੱਟ ਵਿੱਚ ਸਿਰਫ਼ ਦੋ ਵਿਨਰ ਲਗਾ ਸਕੇ। ਜੋਕੋਵਿਚ ਤੀਜੇ ਸੈੱਟ ਵਿੱਚ ਸਿਰਫ਼ ਦੋ ਵਿਨਰ ਲਗਾ ਸਕਿਆ। ਜੋਕੋਵਿਚ ਤੀਜੇ ਸੈੱਟ ਵਿੱਚ ਵੀ ਬਰੇਕ ਪੁਆਇੰਟ ਲੈਣ ਦੇ ਨੇੜੇ ਨਹੀਂ ਪਹੁੰਚਿਆ, ਪਰ ਟਾਈਬ੍ਰੇਕਰ ਵਿੱਚ ਉਹ ਫਿਰ ਅੱਵਲ ਸਾਬਤ ਹੋਇਆ।
Sports ਜੋਕੋਵਿਚ ਪੰਜਵੀਂ ਵਾਰ ਬਣਿਆ ਚੈਂਪੀਅਨ