ਜੋਅ ਬਿਡੇਨ ਤੇ ਬਰਨੀ ਸੈਂਡਰਸ ’ਚ ਮੁਕਾਬਲਾ ਭਖ਼ਿਆ

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਵੱਲੋਂ ਚੋਣ ਲੜਨ ਲਈ ਜੋਅ ਬਿਡੇਨ ਤੇ ਬਰਨੀ ਸੈਂਡਰਸ ਪਹਿਲੀ ਵਾਰ ਆਹਮੋ-ਸਾਹਮਣੇ ਹਨ। ਇਨ੍ਹਾਂ ਦੋਵਾਂ ਆਗੂਆਂ ਨੇ ਚੋਣ ਪ੍ਰਚਾਰ ਭਖ਼ਾ ਦਿੱਤਾ ਹੈ।
ਸਾਬਕਾ ਉੱਪ ਰਾਸ਼ਟਰਪਤੀ ਬਿਡੇਨ ਨੇ ਮਿਸੂਰੀ ਵਿੱਚ ਆਪਣੇ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਗਲਵਾਰ ਨੂੰ ਛੇ ਸੂਬਿਆਂ ਵਿੱਚੋਂ ਇੱਕ ਸੂਬੇ ਵਿੱਚ ਡੈਮੋਕਰੈਟਿਕ ਪ੍ਰਾਇਮਰੀਜ਼ (ਪਾਰਟੀ ਚੋਣਾਂ) ਕਰਵਾਈਆਂ ਜਾਣਗੀਆਂ। ‘ਸੁਪਰ ਟਿਊਜ਼ਡੇਅ’ ਦੀਆਂ ਚੋਣਾਂ ਉਨ੍ਹਾਂ ਦਾ ਭਵਿੱਖ ਤੈਅ ਕਰਨਗੀਆਂ। ਬਿਡੇਨ ਵਾਈਟ ਹਾਊਸ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ।
ਬਿਡੇਨ ਨੇ ਸੇਂਟ ਲੂਈ ਵਿੱਚ ਸੰਬੋਧਨ ਕਰਦਿਆਂ ਕਿਹਾ,‘ਪਿਛਲੇ ਹਫ਼ਤੇ ਜਦੋਂ ਮੈਂ ਦੱਖਣੀ ਕੈਲੀਫੋਰਨੀਆ ਵਿੱਚ ਸਾਂ, ਉਦੋਂ ਮੀਡੀਆ ਤੇ ਮਾਹਿਰਾਂ ਨੇ ਆਖਿਆ ਸੀ ਕਿ ਬਿਡੇਨ ਦੇ ਪ੍ਰਚਾਰ ਨੇ ਦਮ ਤੋੜ ਦਿੱਤਾ ਹੈ ਪਰ ਦੱਖਣੀ ਕੈਲੀਫੋਰਨੀਆ ਨੇ ਉਨ੍ਹਾਂ ਦੇ ਸ਼ੰਕੇ ਦੂਰ ਕਰ ਦਿੱਤੇ ਹਨ।’ ਉਨ੍ਹਾਂ ਕਿਹਾ ਕਿ ਅੱਜ ਡੈਮੋਕਰੈਟਾਂ ਨੇ 11 ਸੂਬੇ ਫਤਿਹ ਕਰ ਲਏ ਹਨ ਅਤੇ ਉਨ੍ਹਾਂ ਡੈਲੀਗੇਟਸ ਤੇ ਕੌਮੀ ਵੋਟਾਂ, ਦੋਵਾਂ ਵਿੱਚ ਬੜ੍ਹਤ ਬਣਾਈ ਹੋਈ ਹੈ। ਇਸੇ ਦੌਰਾਨ ਸ਼ਿਕਾਗੋ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੈਂਡਰਸ ਨੇ ਬਿਡੇਨ ’ਤੇ ਸਿੱਧੇ ਤੌਰ ’ਤੇ ਹਮਲਾ ਕੀਤੇ ਬਿਨਾਂ ਉਨ੍ਹਾਂ ਨਾਲ ਮੱਤਭੇਦਾਂ ਬਾਰੇ ਦੱਸਿਆ। ਉਨ੍ਹਾਂ ਕਿਹਾ,‘ਜੋਅ ਬਿਡੇਨ ਮੇਰਾ ਮਿੱਤਰ ਹੈ ਤੇ ਮੈਂ ਲੰਬੇ ਸਮੇਂ ਤੋਂ ਉਸ ਨੂੰ ਜਾਣਦਾ ਹਾਂ ਪਰ ਸਾਡੀ ਸੋਚ ਵੱਖੋ ਵੱਖਰੀ ਹੈ, ਇਸ ਦੀ ਗਵਾਹੀ ਸਾਡਾ ਪੁਰਾਣਾ ਰਿਕਾਰਡ ਭਰਦਾ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਵਾਸੀਆਂ ਨੂੰ ਉਨ੍ਹਾਂ ਦੀ ਵਿਚਾਰਾਂ ਨੂੰ ਸਮਝ ਕੇ ਭਵਿੱਖ ਤੈਅ ਕਰਨਾ ਚਾਹੀਦਾ ਹੈ।

Previous articleHoli celebrated across West Bengal
Next articleਫੈਕਟਰੀ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ