ਨੋਬੇਲ ਪੁਰਸਕਾਰ ਜੇਤੂ ਆਰਥਿਕ ਮਾਹਿਰ ਅਮਰਤਿਆ ਸੇਨ (85) ਨੇ ਸ਼ੁੱਕਰਵਾਰ ਨੂੰ ਕਿਹਾ ਕਿ ‘ਜੈ ਸ੍ਰੀ ਰਾਮ’ ਦਾ ਨਾਅਰਾ ਬੰਗਾਲੀ ਸੱਭਿਆਚਾਰ ਨਾਲ ਨਹੀਂ ਜੁੜਿਆ ਹੋਇਆ ਅਤੇ ਇਸ ਦੀ ਵਰਤੋਂ ‘ਲੋਕਾਂ ਨੂੰ ਕੁੱਟਣ ਲਈ’ ਕੀਤੀ ਜਾ ਰਹੀ ਹੈ। ਇਥੇ ਜਾਧਵਪੁਰ ਯੂਨੀਵਰਸਿਟੀ ’ਚ ਪ੍ਰੋਗਰਾਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਸੇਨ ਨੇ ਕਿਹਾ ਕਿ ‘ਮਾਂ ਦੁਰਗਾ’ ਬੰਗਾਲ ਦੇ ਕਣ-ਕਣ ’ਚ ਵਸੀ ਹੋਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਰਾਮਨੌਮੀ ਮਸ਼ਹੂਰ ਹੁੰਦੀ ਜਾ ਰਹੀ ਹੈ ਜਿਸ ਬਾਰੇ ਉਨ੍ਹਾਂ ਪਹਿਲਾਂ ਕਦੇ ਨਹੀਂ ਸੁਣਿਆ ਸੀ। ਸ੍ਰੀ ਸੇਨ ਨੇ ਕਿਹਾ,‘‘ਮੈਂ ਆਪਣੀ ਚਾਰ ਸਾਲ ਦੀ ਪੋਤੀ ਨੂੰ ਪੁੱਛਿਆ ਕਿ ਉਸ ਦੀ ਪਸੰਦੀਦਾ ਦੇਵੀ ਕੌਣ ਹੈ? ਉਸ ਨੇ ਜਵਾਬ ਦਿੱਤਾ ਮਾਂ ਦੁਰਗਾ। ਮਾਂ ਦੁਰਗਾ ਸਾਡੇ ਜੀਵਨ ’ਚ ਧੁਰ ਅੰਦਰ ਤਕ ਰਚੀ-ਵਸੀ ਹੋਈ ਹੈ।’’ ਆਰਥਿਕ ਮਾਹਿਰ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਜੈ ਸ੍ਰੀਰਾਮ ਵਰਗੇ ਨਾਅਰਿਆਂ ਦੀ ਵਰਤੋਂ ਲੋਕਾਂ ਨੂੰ ਮਾਰਨ-ਕੁੱਟਣ ਦੇ ਬਹਾਨੇ ਵਜੋਂ ਕੀਤੀ ਜਾ ਰਹੀ ਹੈ। ਸ੍ਰੀ ਸੇਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੁਲਕ ਦੇ ਕਈ ਹਿੱਸਿਆਂ ’ਚ ਕੁਝ ਕੱਟੜ ਹਿੰਦੂਆਂ ਵੱਲੋਂ ਲੋਕਾਂ ਤੋਂ ‘ਜੈ ਸ੍ਰੀਰਾਮ’ ਦੇ ਜਬਰੀ ਨਾਅਰੇ ਲਵਾਏ ਜਾ ਰਹੇ ਹਨ ਅਤੇ ਜੇਕਰ ਕੋਈ ਨਾਅਰਾ ਲਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।
INDIA ‘ਜੈ ਸ੍ਰੀ ਰਾਮ’ ਦੇ ਨਾਅਰੇ ਬੰਗਾਲੀ ਸੱਭਿਆਚਾਰ ਦਾ ਹਿੱਸਾ ਨਹੀਂ: ਅਮਰਤਿਆ ਸੇਨ