‘ਧਾਰਮਿਕ ਪਛਾਣ ਅਧਾਰਿਤ ਨਫ਼ਰਤੀ ਅਪਰਾਧਾਂ’ ਦੀਆਂ ਵਧਦੀਆਂ ਘਟਨਾਵਾਂ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਉੱਘੀਆਂ ਸ਼ਖ਼ਸੀਅਤਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਖੁੱਲ੍ਹੇ ਪੱਤਰ ਵਿੱਚ ਇਨ੍ਹਾਂ ਸ਼ਹਿਰੀਆਂ ਨੇ ਕਿਹਾ ਕਿ ‘ਜੈ ਸ੍ਰੀ ਰਾਮ’ ਦਾ ਨਾਅਰਾ ਹਿੰਸਾ ਭੜਕਾਉਣ ਦਾ ਜ਼ਰੀਆ ਬਣਨ ਲੱਗਾ ਹੈ। ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਤੋਂ ਨਾਂਹ ਕਰਨ ਕਰਕੇ ਹਜੂਮ ਵੱਲੋਂ ਕੁੱਟ ਕੁੱਟ ਕੇ ਮਾਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। 23 ਜੁਲਾਈ ਨੂੰ ਲਿਖੇ ਇਸ ਪੱਤਰ, ਜਿਸ ਵਿੱਚ ਇਸ ਤਰਕ ’ਤੇ ਖਾਸਾ ਜ਼ੋਰ ਦਿੱਤਾ ਗਿਆ ਹੈ ਕਿ ‘ਵਿਰੋਧ ਤੋਂ ਬਿਨਾਂ ਕੋਈ ਜਮਹੂਰੀਅਤ ਸਫ਼ਲ ਨਹੀਂ’, ਉੱਤੇ ਫ਼ਿਲਮਸਾਜ਼ ਅਦੂਰ ਗੋਪਾਲਕ੍ਰਿਸ਼ਨਨ ਤੇ ਅਪਰਨਾ ਸੇਨ, ਇਤਿਹਾਸਕਾਰ ਰਾਮਚੰਦਰ ਗੁਹਾ, ਸਮਾਜ ਸ਼ਾਸਤਰੀ ਆਸ਼ੀਸ਼ ਨੰਦੀ ਤੇ ਵੋਕਲਿਸਟ ਸ਼ੁਭਾ ਮੁਦਗਲ, ਨਿਰਦੇਸ਼ਕ ਸ਼ਿਆਮ ਬੇਨੇਗਲ ਸਮੇਤ ਕੁੱਲ 49 ਸ਼ਖ਼ਸੀਅਤਾਂ ਨੇ ਸਹੀ ਪਾਈ ਹੈ। ਸ੍ਰੀ ਮੋਦੀ ਦੇ ਨਾਂ ਖੁੱਲ੍ਹੀ ਚਿੱਠੀ ’ਚ ਲਿਖਿਆ ਗਿਆ ਹੈ, ‘ਅਸੀਂ ਅਮਨ ਪਸੰਦ ਸ਼ਹਿਰੀ ਹਾਂ ਤੇ ਸਾਨੂੰ ਭਾਰਤੀ ਹੋਣ ’ਤੇ ਮਾਣ ਹੈ। ਅਸੀਂ ਮੁਲਕ ਵਿੱਚ ਵਾਪਰ ਰਹੀਆਂ ਹਾਲੀਆ ਦਰਦਨਾਕ ਘਟਨਾਵਾਂ ਤੋਂ ਫਿਕਰਮੰਦ ਹਾਂ। ਹਜੂਮ ਵੱਲੋਂ ਮੁਸਲਮਾਨਾਂ, ਦਲਿਤਾਂ ਤੇ ਹੋਰਨਾਂ ਘੱਟਗਿਣਤੀਆਂ ਨੂੰ ਕੁੱਟ ਕੁੱਟ ਕੇ ਮਾਰਨ ਦੀਆਂ ਘਟਨਾਵਾਂ ’ਤੇ ਫੌਰੀ ਲਗਾਮ ਲਾਈ ਜਾਵੇ। ਐੱਨਸੀਆਰਬੀ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਸਾਲ 2016 ਵਿੱਚ ਦਲਿਤਾਂ ਖ਼ਿਲਾਫ਼ ਅੱਤਿਆਚਾਰ ਦੀਆਂ 840 ਘਟਨਾਵਾਂ ਵਾਪਰੀਆਂ ਜਦੋਕਿ ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਲਗਾਤਾਰ ਕਮੀ ਆਈ ਹੈ।’ ਪੱਤਰ ਵਿੱਚ ‘ਫੈਕਟਚੈੱਕਰ ਇਨਡੇਟਾਬੇਸ’ ਅਤੇ ‘ਸਿਟੀਜ਼ਨ’ਜ਼ ਰਿਲੀਜੀਅਸ ਹੇਟ-ਕਰਾਈਮ ਵਾਚ’ ਦੀਆਂ ਲੱਭਤਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਨੌਂ ਸਾਲਾਂ ਵਿੱਚ ‘ਧਾਰਮਿਕ ਪਛਾਣ ਅਧਾਰਿਤ ਨਫ਼ਰਤੀ ਹਮਲਿਆਂ’ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਹਜੂਮੀ ਹਿੰਸਾ ਦੇ ਸ਼ਿਕਾਰ ਪੀੜਤਾਂ ’ਚੋਂ 62 ਫੀਸਦ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ। ਪੱਤਰ ’ਤੇ ਸਹੀ ਪਾਉਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ‘ਜੈ ਸ੍ਰੀ ਰਾਮ’ ਦਾ ਨਾਅਰਾ ਲੜਾਈ ਝਗੜੇ ਭੜਕਾਉਣ ਤੇ ਕਾਨੂੰਨ ਵਿਵਸਥਾ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਤਕ ਸੀਮਤ ਰਹਿ ਗਿਆ ਹੈ। ਕੁੱਟ ਕੁੱਟ ਕੇ ਮਾਰਨ ਦੀਆਂ ਕਈ ਘਟਨਾਵਾਂ ‘ਜੈ ਸ੍ਰੀ ਰਾਮ’ ਨਾ ਬੋਲਣ ਨੂੰ ਲੈ ਕੇ ਵਾਪਰੀਆਂ ਹਨ। ਪੱਤਰ ਮੁਤਾਬਕ, ‘ਅਸੀਂ ਮੱਧ ਯੁੱਗ ਵਿੱਚ ਨਹੀਂ ਹਾਂ। ਭਾਰਤ ਵਿੱਚ ਬਹੁਗਿਣਤੀ ਭਾਈਚਾਰੇ ਲਈ ਰਾਮ ਦਾ ਨਾਮ ਕਾਫ਼ੀ ਮੁਕੱਦਰ ਹੈ। ਦੇਸ਼ ਦੀ ਹਕੂਮਤ ਦੇ ਸਿਖਰਲੇ ਅਹੁਦੇਦਾਰ ਹੋਣ ਦੇ ਨਾਤੇ ਤੁਹਾਡਾ ਇਹ ਫ਼ਰਜ਼ ਬਣਦਾ ਹੈ ਕਿ ਤੁਸੀਂ ਰਾਮ ਦੇ ਨਾਮ ਨੂੰ ਇਸ ਤਰ੍ਹਾਂ ਅਪਵਿੱਤਰ ਕੀਤੇ ਜਾ ਰਹੇ ਯਤਨਾਂ ਨੂੰ ਠੱਲ੍ਹ ਪਾਓ।’
INDIA ‘ਜੈ ਸ੍ਰੀ ਰਾਮ’ ਦੇ ਨਾਂ ’ਤੇ ਹੁੰਦੀ ਹਿੰਸਾ ਬੰਦ ਹੋਵੇ