ਨਵੀਂ ਦਿੱਲੀ (ਸਮਾਜਵੀਕਲੀ): ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਜੈਸਿਕਾ ਲਾਲ ਕਤਲ ਮਾਮਲੇ ਵਿੱਚ ਉਮਰ ਕੈਦ ਕੱਟ ਰਹੇ ਦੋਸ਼ੀ ਮਨੂ ਸ਼ਰਮਾ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਉਸ ਜੇਲ੍ਹ ਵਿੱਚ ਚੰਗੇ ਆਚਰਨ ਕਾਰਨ ਤਿੰਨ ਸਾਲ ਪਹਿਲਾਂ ਹੀ ਛੱਡ ਦਿੱਤਾ ਗਿਆ। ਦਿੱਲੀ ਸਰਕਾਰ ਅਧੀਨ ਆਉਂਦੇ ਦਿੱਲੀ ਸਜ਼ਾ ਸਮੀਖਿਆ ਬੋਰਡ (ਐੱਸਆਰਬੀ) ਨੇ ਪਿਛਲੇ ਮਹੀਨੇ ਮਨੂ ਸ਼ਰਮਾ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਸ਼ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਇਹ ਸਿਫਾਰਸ਼ 11 ਮਈ ਨੂੰ ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਪ੍ਰਧਾਨਗੀ ਹੇਠ ਹੋਈ ਐੱਸਆਰਬੀ ਦੀ ਮੀਟਿੰਗ ਵਿੱਚ ਕੀਤੀ ਗਈ। ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਮਨੂ ਸ਼ਰਮਾ ਨੂੰ ਦਿੱਲੀ ਹਾਈ ਕੋਰਟ ਨੇ ਦਸੰਬਰ 2006 ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਉਸ ਦੇ ਹੁਕਮ ਨੂੰ ਉਲਟਾ ਦਿੱਤਾ ਅਤੇ ਸੁਪਰੀਮ ਕੋਰਟ ਨੇ ਬਾਅਦ ਵਿਚ ਅਪਰੈਲ 2010 ਵਿਚ ਉਸ ਦੀ ਉਮਰ ਕੈਦ ਦੀ ਪੁਸ਼ਟੀ ਕਰ ਦਿੱਤੀ। ਜੈਸਿਕਾ ਲਾਲ ਨੇ ਜਦੋਂ ਸ਼ਰਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਤਾਂ ਮਨੂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ।
Uncategorized ਜੈਸਿਕਾ ਲਾਲ ਕਤਲ: ਮਨੂ ਸ਼ਰਮਾ ਜੇਲ੍ਹ ’ਚੋਂ ਰਿਹਾਅ