‘ਜੈਸ਼-ਏ-ਮੁਹੰਮਦ’ ਦੇ ਅੱਧੀ ਦਰਜਨ ਅਤਿਵਾਦੀਆਂ ਦੇ ਪੰਜਾਬ ਵਿਚ ਹੋਣ ਦੀਆਂ ਰਿਪੋਰਟਾਂ ਦਰਮਿਆਨ ਪੂਰੇ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਦੀ ਇਸ ਸੂਚਨਾ ਦੇ ਆਧਾਰ ’ਤੇ ਡੀਜੀਪੀ (ਇੰਟੈਲੀਜੈਂਸ) ਪੰਜਾਬ ਨੇ ਰਾਜ ਦੇ ਉੱਚ ਪੁਲੀਸ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਆਪੋ-ਆਪਣੇ ਇਲਾਕਿਆਂ ਵਿੱਚ ਸੁਰੱਖਿਆ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਹਨ। ਇਹਤਿਆਤ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਵੀ ਵੱਖ ਵੱਖ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਜਾਰੀ ਕੀਤੇ ਇਸ ਪੱਤਰ ਦੀ ਕਾਪੀ ਡੀਜੀਪੀ (ਲਾਅ ਐਂਡ ਆਰਡਰ), ਏਡੀਜੀਪੀ (ਰੇਲਵੇ), ਏਡੀਸੀਪੀ (ਸਕਿਓਰਿਟੀ), ਸਮੂਹ ਆਈਜੀ./ਡੀਆਈਜੀ ਅਤੇ ਪੰਜਾਬ ਦੇ ਸਮੂਹ ਆਈਜੀ (ਜ਼ੋਨਲ ਸੀਆਈਡੀ ਅਤੇ ਕਾਊਂਟਰ ਇੰਟੈਂਲੀਜੈਂਸੀ) ਨੂੰ ਵੀ ਭੇਜੀ ਗਈ ਹੈ। ਪੱਤਰ ਵਿੱਚ ਪੰਜਾਬ ’ਚ ‘ਜੈਸ਼-ਏ-ਮੁਹੰਮਦ’ ਦੇ 6-7 ਅਤਿਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ, ਉਨ੍ਹਾਂ ਦੇ ਦਿੱਲੀ ਲੰਘਣ ਦੇ ਮਨਸੂਬੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹਾਲ ਹੀ ਵਿੱਚ ਪਠਾਨਕੋਟ ਤੋਂ ਇਨੋਵਾ ਗੱਡੀ ਖੋਹਣ ਦੀ ਘਟਨਾ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੱਤਰ ਵਿਚ ਦਿੱਤੀਆਂ ਗਈਆਂ ਕੁਝ ਹੋਰ ਜਾਣਕਾਰੀਆਂ ਸਮੇਤ ਇਨ੍ਹਾਂ ਸਮੂਹ ਪੁਲੀਸ ਅਧਿਕਾਰੀਆਂ ਨੂੰ ਆਪੋ ਆਪਣੇ ਇਲਾਕਿਆਂ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੀ ਤਾਕੀਦ ਕੀਤੀ ਗਈ ਹੈ। ਪਟਿਆਲਾ ਦੇ ਆਈਜੀ ਅਮਰਦੀਪ ਸਿੰਘ ਰਾਏ ਨੇ ਸ਼ਹਿਰ ਅਤੇ ਇਲਾਕੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
INDIA ਜੈਸ਼ ਦਹਿਸ਼ਤੀਆਂ ਦੇ ਦਾਖ਼ਲੇ ਕਾਰਨ ਪੰਜਾਬ ’ਚ ਅਲਰਟ