ਮਾਸਕੋ (ਸਮਾਜ ਵੀਕਲੀ) : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਰੂਸ ਦੇ ਆਪਣੇ ਹਮਰੁਤਬਾ ਸਰਗਈ ਲਵਰੋਵ ਨਾਲ ਬਹੁਤ ਚੰਗੀ ਗੱਲਬਾਤ ਹੋਈ ਜਿਸ ਦੌਰਾਨ ਉਨ੍ਹਾਂ ਦੁਵੱਲੇ ਕੂਟਨੀਤਕ ਸਬੰਧਾਂ ਬਾਰੇ ਚਰਚਾ ਕਰਦਿਆਂ ਕੌਮਾਂਤਰੀ ਸਥਿਤੀ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ,‘ਇਸ ਵਾਰ ਨਿੱਜੀ ਤੌਰ ’ਤੇ ਵਿਦੇਸ਼ ਮੰਤਰੀ ਸਰਗਈ ਲਵਰੋਵ ਨੂੰ ਮਿਲ ਕੇ ਖੁਸ਼ੀ ਹੋਈ। ਬਹੁਤ ਚੰਗੀ ਗੱਲਬਾਤ, ਜਿਸ ਤੋਂ ਸਾਡੇ ਵਿਸ਼ੇਸ਼ ਤੇ ਖ਼ਾਸ ਰਣਨੀਤਕ ਸਾਂਝੇਦਾਰੀ ਬਾਰੇ ਪਤਾ ਲੱਗਦਾ ਹੈ।’
ਉਹ ਇੱਥੇ ‘ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ’ (ਐੱਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਰੂਸ ਦੇ ਚਾਰ-ਦਿਨਾਂ ਦੌਰੇ ’ਤੇ ਇੱਥੇ ਪੁੱਜੇ ਹਨ। ਇਸ ਤੋਂ ਪਹਿਲਾਂ ਸ੍ਰੀ ਜੈਸ਼ੰਕਰ ਨੇ ਆਪਣੇ ਕਿਰਗਿਜ਼ਸਤਾਨ ਅਤੇ ਤਜ਼ਾਕਿਸਤਾਨ ਦੇ ਹਮਰੁਤਬਾ ਵਿਦੇਸ਼ ਮੰਤਰੀਆਂ ਨਾਲ ਵੱਖੋ-ਵੱਖਰੀ ਮੁਲਾਕਾਤ ਕੀਤੀ। ਉਨ੍ਹਾਂ ਦੋਵਾਂ ਕੇਂਦਰੀ ਏਸ਼ਿਆਈ ਮੁਲਕਾਂ ਨਾਲ ਸਬੰਧਾਂ ਦੀ ਮਜ਼ਬੂਤੀ ਅਤੇ ਇਨ੍ਹਾਂ ਨਾਲ ਭਾਰਤ ਦੀ ਰਣਨੀਤਕ ਸਾਂਝ ਵਧਾਉਣ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ।
ਇਸ ਮੌਕੇ ਸ੍ਰੀ ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ,‘ਐੱਸਸੀਓ ਤੋਂ ਅਲੱਗ, ਕਿਰਗਿਜ਼ਸਤਾਨ ਦੇ ਵਿਦੇਸ਼ ਮੰਤਰੀ ਚਿੰਗੀਜ਼ ਐਦਰਬੇਕੋਵ ਨਾਲ ਇੱਕ ਸਾਰਥਕ ਮੁਲਾਕਾਤ ਹੋਈ।’ ਦੋਵਾਂ ਆਗੂਆਂ ਨੇ ਦੁਵੱਲੇ ਅਤੇ ਖੇਤਰੀ ਹਿੱਤ ਦੇ ਮਸਲਿਆਂ ਬਾਰੇ ਚਰਚਾ ਕੀਤੀ।
ਸ੍ਰੀ ਜੈਸ਼ੰਕਰ ਨੇ ਕਿਰਗਿਜ਼ਤਾਨ ਤੋਂ ਭਾਰਤੀ ਨਾਗਰਿਕਾਂ ਦੀ ਵਾਪਸ ’ਚ ਮਦਦ ਲਈ ਸ੍ਰੀ ਐਦਰਬੇਕੋਵ ਦਾ ਧੰਨਵਾਦ ਕੀਤਾ। ਏਅਰ ਇੰਡੀਆ ਨੇ ‘ਵੰਦੇ ਭਾਰਤ ਮਿਸ਼ਨ’ ਤਹਿਤ ਲੌਕਡਾਊਨ ਕਾਰਨ ਹੋਰ ਮੁਲਕਾਂ ਵਿੱਚ ਫਸੇ ਆਪਣੇ ਨਾਗਰਿਕ ਵਾਪਸ ਲਿਆਉਣ ਲਈ ਕਈ ਫਲਾਈਟਾਂ ਚਲਾਈਆਂ ਸਨ। ਕਿਰਗਿਜ਼ਤਾਨ ਦੀਆਂ ਵੱਖ-ਵੱਖ ਮੈਡੀਕਲ ਸੰਸਥਾਵਾਂ ਵਿੱਚ ਲਗਪਗ 4500 ਵਿਦਿਆਰਥੀ ਮੈਡੀਸਨ ਦੀ ਪੜ੍ਹਾਈ ਕਰ ਰਹੇ ਹਨ ਜਦਕਿ ਕੁਝ ਕਾਰੋਬਾਰੀ ਇੱਥੇ ਵਪਾਰ ਤੇ ਸੇਵਾਵਾਂ ਵਿੱਚ ਲੱਗੇ ਹੋਏ ਹਨ। ਬਾਅਦ ’ਚ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਤਜ਼ਾਕਿਸਤਾਨ ਦੇ ਆਪਣੇ ਹਮਰੁਤਬਾ ਸਿਰੋਜੀਦੀਨ ਮੁਹਰੀਦੀਨ ਨਾਲ ਵੀ ਮੁਲਾਕਾਤ ਕੀਤੀ।