ਇਥੇ ਦੋ ਧਿਰਾਂ ਵਿੱਚ ਹੋਈ ਪੱਥਰਬਾਜ਼ੀ ਵਿੱਚ 24 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਨੌਂ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਨੂੰ ਭੀੜ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ। ਫਿਰਕੂ ਤਣਾਅ ਦੇ ਚੱਲਦਿਆਂ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 10 ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੁੱਧਵਾਰ ਰਾਤ ਤਕ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਵਧੀਕ ਪੁਲੀਸ ਕਮਿਸ਼ਨਰ ਅਜੈਪਾਲ ਲਾਂਬਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪੁਲੀਸ ’ਤੇ ਹਮਲਾ ਕਰਨ, ਕੌਮੀ ਸ਼ਾਹਰਾਹ ਜਾਮ ਕਰਨ ਅਤੇ ਸਰਕਾਰ ਅਧਿਕਾਰੀਆਂ ਨੂੰ ਕੰਮ ਕਰਨ ਤੋਂ ਰੋਕਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਿੰਸਾ ਸੋਮਵਾਰ ਰਾਤ ਨੂੰ ਘੱਟ ਗਿਣਤੀ ਭਾਈਚਾਰੇ ਵੱਲੋਂ ਦਿੱਲੀ ਕੌਮੀ ਸ਼ਾਹਰਾਹ ’ਤੇ ਈਦਗਾਹ ਨੇੜੇ ਜਾਮ ਲਾਉਣ ਅਤੇ ਹਰਿਦੁਆਰ ਜਾ ਰਹੀ ਬੱਸ ’ਤੇ ਪੱਥਰ ਸੁੱਟਣ ਬਾਅਦ ਫੈਲੀ। ਇਸ ਦੌਰਾਨ ਕੁਝ ਯਾਤਰੀ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿੱਚ ਝੜਪ ਹੋਈ, ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਉਨ੍ਹਾਂ ’ਤੇ ਵੀ ਹਮਲਾ ਕੀਤਾ ਗਿਆ। ਏਸੀਪੀ ਲਾਂਬਾ ਨੇ ਕਿਹਾ ਕਿ ਹੋਰ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਮੰਗਲਵਾਰ ਨੂੰ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ।
INDIA ਜੈਪੁਰ ਵਿੱਚ ਫਿਰਕੂ ਝੜਪਾਂ, ਮੋਬਾਈਲ ਸੇਵਾਵਾਂ ਮੁਅੱਤਲ