(ਸਮਾਜ ਵੀਕਲੀ)
ਐ ਕਾਸ਼! ਜੇ ਮੈਂ ਵੀ ਹੁੰਦਾ ਪੰਛੀ,
ਉਡਾਰੀ ਲਾਉਂਦਾ ਵਿਚ ਅਸਮਾਨਾਂ।
ਹੱਦਾਂ-ਸਰਹੱਦਾਂ ਤੋਂ ਹੋਣਾ ਸੀ ਮੁਨਕਰ,
ਮਾਨਣਾ ਸੀ ਆਨੰਦ, ਹੋ ਕੇ ਮਸਤਾਨਾ।
ਨਾ ਡਰ ਹੋਣਾ ਸੀ ਤੋਪਾਂ-ਬੰਦੂਕਾਂ ਦਾ,
ਗਾਉਂਦਾ ਫਿਰਦਾ ਆਪਣਾ ਹੀ ਅਫ਼ਸਾਨਾ।
ਮਜੵਬਾਂ ਧਰਮਾਂ ਤੋਂ ਨਿਰਲੇਪ ਸੀ ਹੋਣਾ,
ਨਾ ਲਾਉਂਣਾ ਸੀ, ਊਚ-ਨੀਚ ਦਾ ਕੋਈ ਬਹਾਨਾ।
ਚਹਿਲ-ਪਹਿਲ ‘ਚ ਜੀਵਨ ਸੀ ਜਿਉਂਣਾ,
ਸਦਾ ਹੀ ਮਸਤੀ ‘ਚ, ਰਹਿਣਾ ਸੀ ਦੀਵਾਨਾ।
ਮਨੁੱਖੀ ਜਾਮਾ ਪਾ ਇਸ ਧਰਤ ਤੇ ਮੈਂ,
ਪਤਾ ਨਹੀਂ ਪਲ-ਪਲ ਕਿਉਂ ਪਛਤਾਨਾ?
ਚੜ੍ਹਦੇ-ਲਹਿੰਦੇ ਦਾ ਭੇਦ-ਭਾਵ ਨਹੀਂ ਸੀ ਹੋਣਾ,
‘ਅਟਵਾਲ’ ਹਰ ਪਾਸੇ ਹੀ ਹੁੰਦਾ ਮੇਰਾ ਟਿਕਾਣਾ।
ਕਰਨੈਲ ਅਟਵਾਲ
ਸੰ:75082-75052