ਨਿਊਯਾਰਕ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਮਾਈਕਲ ਕੋਹੇਨ ਦੀ ਕਿਤਾਬ 8 ਸਤੰਬਰ ਨੂੰ ਸਕਾਈਹੋਰਸ ਪਬਲਿਸ਼ਿੰਗ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਕਿਤਾਬ ਦਾ ਨਾਮ ‘ਡਿਸਲੌਇਲ: ਦਿ ਟਰੂ ਸਟੋਰੀ ਆਫ਼ ਦਿ ਫਾਰਮਰ ਪਰਸਨਲ ਅਟਾਰਨੀ ਟੂ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ’ ਹੈ।
ਸਕਾਈਹੋਰਸ ਦੇ ਬਿਆਨ ਮੁਤਾਬਕ ਇਹ ਸਦੀ ਦੀ ਸਭ ਤੋਂ ਭਿਆਨਕ ਸਿਆਸੀ ਕਹਾਣੀ ਹੈ। ਦਿਨ ਵੇਲੇ ਕੋਹੇਨ ਨੇ ਕਿਤਾਬ ਦੀ ਭੂਮਿਕਾ ਜਾਰੀ ਕੀਤੀ ਜਿਸ ’ਚ ਲਿਖਿਆ ਹੈ,‘‘ਜੇ ਮੈਂ ਮਰ ਗਿਆ ਤਾਂ ਟਰੰਪ ਅਫ਼ਸੋਸ ਨਹੀਂ ਮਨਾਏਗਾ।’’ ਜ਼ਿਕਰਯੋਗ ਹੈ ਕਿ ਕੋਹੇਨ ਤਿੰਨ ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਉਸ ਖਿਲਾਫ਼ ਪ੍ਰਚਾਰ ਦੌਰਾਨ ਪੈਸਿਆਂ ’ਚ ਗੜਬੜੀ ਕਰਨ ਅਤੇ ਕਾਂਗਰਸ ਨੂੰ ਝੂਠ ਬੋਲਣ ਦੇ ਦੋਸ਼ ਹਨ। ਉਸ ਨੂੰ ਮਈ ’ਚ ਕਰੋਨਾ ਕਰ ਕੇ ਜੇਲ੍ਹ ’ਚੋਂ ਘਰ ਭੇਜ ਦਿੱਤਾ ਗਿਆ ਸੀ ਪਰ ਕਿਤਾਬ ਛਾਪਣ ਦਾ ਪਤਾ ਲੱਗਣ ’ਤੇ ਉਸ ਨੂੰ ਜੁਲਾਈ ’ਚ ਮੁੜ ਜੇਲ੍ਹ ਅੰਦਰ ਡੱਕ ਦਿੱਤਾ ਗਿਆ।