ਜੇ ਭਾਰਤ ਵਿੱਚ ਨਹੀਂ, ਤਾਂ ਕੀ ਰਾਮ ਦਾ ਨਾਂ ਪਾਕਿ ਵਿਚ ਲਿਆ ਜਾਵੇ: ਸ਼ਾਹ

ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੂਬੇ ਵਿੱਚ ਲੋਕਾਂ ਨੂੰ ‘ਜੈ ਸ੍ਰੀ ਰਾਮ’ ਦਾ ਜਾਪ ਕਰਨ ਨਹੀਂ ਦੇ ਰਹੀ। ਉਨ੍ਹਾਂ ਹੈਰਾਨੀ ਨਾਲ ਕਿਹਾ ਕਿ ਜੇਕਰ ਭਾਰਤ ਵਿੱਚ ਭਗਵਾਨ ਰਾਮ ਦਾ ਨਾਂ ਨਹੀਂ ਲਿਆ ਜਾ ਸਕਦਾ ਤਾਂ ਫਿਰ ਕੀ ਪਾਕਿਸਤਾਨ ਵਿੱਚ ਲਿਆ ਜਾਵੇਗਾ। ਸ਼ਾਹ ਨੇ ਬੈਨਰਜੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕੀਤੀਆਂ ਕਈ ਚੋਣ ਰੈਲੀਆਂ ਵਿੱਚ ਉਨ੍ਹਾਂ ਨੇ ‘ਜੈ ਸ੍ਰੀ ਰਾਮ’ ਜਪਿਆ ਹੈ ਅਤੇ ਜੇਕਰ ਹਿੰਮਤ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਸ਼ਾਹ ਨੇ ਕਿਹਾ, ‘‘ਭਗਵਾਨ ਰਾਮ ਭਾਰਤ ਦੀ ਸਭਿਅਤਾ ਦਾ ਅੰਗ ਹਨ…ਕੀ ਕੋਈ ਲੋਕਾਂ ਨੂੰ ਰਾਮ ਦਾ ਨਾਂ ਲੈਣ ਤੋਂ ਰੋਕ ਸਕਦਾ ਹੈ? ਮੈਂ ਮਮਤਾ ਦੀਦੀ ਨੂੰ ਪੁੱਛਣਾ ਚਾਹੁੰਦਾ ਹਾਂ, ਜੇਕਰ ਸ੍ਰੀ ਰਾਮ ਦਾ ਨਾਂ ਭਾਰਤ ਵਿੱਚ ਨਹੀਂ ਲਿਆ ਜਾਵੇਗਾ ਤਾਂ ਕੀ ਪਾਕਿਸਤਾਨ ਵਿੱਚ ਜਪਿਆ ਜਾਵੇਗਾ?’’
ਭਾਜਪਾ ਪ੍ਰਧਾਨ ਨੇ ਕਿਹਾ, ‘‘ਮੈਂ ਮਮਤਾ ਦੀਦੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਪੱਛਮੀ ਬੰਗਾਲ ਹੈ, ਪਾਕਿਸਤਾਨ ਨਹੀਂ… ਮੈਂ ਇੱਥੋਂ (ਬਿਸ਼ਨੂਪੁਰ) ਕੋਲਕਾਤਾ ਜਾ ਰਿਹਾ ਹਾਂ, ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਮੈਨੂੰ ਜੇਲ੍ਹ ਵਿੱਚ ਸੁੱਟ ਦਿਓ।’’ ਸ਼ਾਹ ਨੇ ਪੱਛਮੀ ਬੰਗਾਲ ਵਿੱਚ ਘਟਾਲ, ਬਿਸ਼ਨੂਪੁਰ ਅਤੇ ਕੇਸ਼ਾਇਰੀ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸ਼ਾਹ ਨੇ ਦਾਅਵਾ ਕੀਤਾ ਕਿ ਕੁਝ ਦਿਨ ਪਹਿਲਾਂ ਮਮਤਾ ਬੈਨਰਜੀ ਨੇ ਆਪਣੀ ਕਾਰ ਰੋਕ ਕੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਭਗਵਾਨ ਰਾਮ ਦਾ ਨਾਂ ਜਪਿਆਂ ਤਾਂ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। ਇਸ ਸਬੰਧੀ ਇੱਕ ਵੀਡੀਓ ਵਾਇਰਲ ਹੋਈ ਸੀ।

Previous articleਆਦਿਵਾਸੀਆਂ ਦੇ ਹਿੱਤਾਂ ਦੀ ਰਾਖੀ ਕਰੇਗੀ ਕਾਂਗਰਸ: ਰਾਹੁਲ
Next articleਮੋਦੀ ਦੇ ਮੂੰਹ ਉੱਤੇ ਪਏ ਜਮਹੂਰੀਅਤ ਦਾ ਕਰਾਰਾ ਥੱਪੜ: ਮਮਤਾ