(ਸਮਾਜ ਵੀਕਲੀ)
ਗਾਇਕ ਅਕਸਰ ਸਟੇਜਾਂ ਤੇ ਗਾਉਂਦੇ ਹਨ ਕਿ ਜੇ ਸਾਹਿਬਾਂ ਨਾ ਜੰਮਦੀ ਤਾਂ ਮਿਰਜ਼ੇ ਨੂੰ ਵਖ਼ਤ ਨਾ ਪੈਂਦੇ। ਉਸੇ ਤਰ੍ਹਾਂ ਮੇਰੇ ਦਿਮਾਗ਼ ਵਿੱਚ ਵੀ ਅਕਸਰ ਇਹ ਸਵਾਲ ਉੱਠਦਾ ਹੈ ਕਿ ਮੀਆਂ ਪਾਕਿਸਤਾਨ…ਜੇ ਤੂੰ ਨਾ ਜੰਮਦਾ! ਅਸਲ ਵਿੱਚ ਇਹ ਸਵਾਲ ਮੇਰੇ ਦਿਮਾਗ ਵਿੱਚ ਦਿਨ ਰਾਤ ਚੱਲਦੀਆਂ ਟੀਵੀ ਦੀਆਂ ਬਹਿਸਾਂ ਨੇ ਪੈਦਾ ਕੀਤਾ ਹੈ ।ਅਸੀਂ ਭਾਰਤ ਵਾਸੀ ਜਦੋਂ ਜੰਮਦੇ ਹਾਂ ਤਾਂ ਸਾਨੂੰ ਗੁੜ੍ਹਤੀ ਵਿਚ ਪਾਕਿਸਤਾਨ ਨਾਲ ਦੁਸ਼ਮਣੀ ਦੀਆਂ ਕਹਾਣੀਆਂ ਮਿਲਦੀਆਂ ਹਨ। ਸਾਨੂੰ ਹੋਰ ਕਿਸੇ ਭੂਤ, ਚੁੜੇਲ, ਛਲੇਡੇ ਤੋਂ ਖ਼ੌਫ਼, ਨਫ਼ਰਤ ਨਹੀਂ ਆਉਂਦੀ ਜਿੰਨਾ ਪਾਕਿਸਤਾਨ ਤੋਂ। ਗਲੀਆਂ ਵਿੱਚ ਖੇਡਦੇ ਨਿੱਕੇ ਨਿਆਣਿਆਂ ਨੂੰ ਜੇ ਪੁੱਛੋਗੇ ਬਈ, ਵੱਡਾ ਹੋ ਕੇ ਕਿਨ੍ਹਾਂ ਨੂੰ ਮਾਰੇਂਗਾ ?… ਪਾਕਿਸਤਾਨੀਆਂ ਨੂੰ… ਅੱਗੋਂ ਜਵਾਬ ਤਿਆਰ ਮਿਲੇਗਾ। ਕਿਸੇ ਜਵਾਨ ਨੂੰ ਜੇ ਇਹੀ ਸਵਾਲ ਪੁੱਛਿਆ ਜਾਵੇ …ਜਵਾਨ ਤਾਂ ਫਿਰ ਹੈ ਈ ਜਵਾਨ, ਉਸ ਦੇ ਡੌਲੇ ਫਰਕਣ ਲੱਗਦੇ ਹਨ। ਇਨ੍ਹਾਂ ਕੁਝ ਸੁਣਨ ਤੋਂ ਬਾਅਦ ਮਨ ਕਹਿ ਹੀ ਉੱਠਦਾ ਹੈ ਕਿ ਆਖਰ ਥੁੜਿਆ ਕੀ ਸੀ ਤੇਰੇ ਜੰਮਣ ਤੋਂ….?
ਇੱਕ ਦਿਨ ਇਸ ਸਵਾਲ ਬਾਰੇ ਸੋਚਦੇ ਸੋਚਦੇ ਨੀਂਦ ਨੇ ਘੇਰਾ ਪਾ ਲਿਆ। ਕਹਿੰਦੇ ਹਨ ਸੁਪਨੇ ਸਾਡੇ ਅਵਚੇਤਨ ਮਨ ਦੀਆਂ ਇੱਛਾਵਾਂ ਦੀ ਹੀ ਪੂਰਤੀ ਕਰਦੇ ਹਨ । ਸਾਡੀਆਂ ਅਧੂਰੀਆਂ ਇੱਛਾਵਾਂ ਨੂੰ ਦਿਮਾਗ ਸੁਪਨੇ ਵਿੱਚ ਪੂਰੇ ਕਰ ਦਿੰਦਾ ਹੈ ਤੇ ਸਾਨੂੰ ਸੰਤੁਲਿਤ ਰੱਖਦਾ ਹੈ।
ਪਾਕਿਸਤਾਨੀਆਂ ਨੂੰ ਨਕਸ਼ੇ ਤੋਂ ਮਿਟਾਉਣ ਦੀ ਅਧੂਰੀ ਇੱਛਾ ਆਖ਼ਰ ਸੁਪਨੇ ਵਿੱਚ ਪੂਰੀ ਹੋਈ। ਮੈਂ ਦੇਖ ਰਿਹਾ ਹਾਂ ਵਿਸ਼ਵ ਦੇ ਨਕਸ਼ੇ ਤੇ ਪਾਕਿ ਨਾਂ ਦਾ ਕੋਈ ਦੇਸ਼ ਨਹੀਂ ਹੈ । ਸਭ ਪਾਸੇ ਸ਼ਾਂਤੀ ਹੀ ਸ਼ਾਂਤੀ ਹੈ । ਗਲੀ, ਮੁਹੱਲੇ ਸੱਥਾਂ ਤੋਂ ਲੈ ਕੇ ਚੰਡੀਗੜ੍ਹ, ਦਿੱਲੀ ਵਾਸ਼ਿੰਗਟਨ, ਲੰਡਨ ਤੱਕ ਸਭ ਜਗ੍ਹਾ…। ਪਾਕਿਸਤਾਨ ਦੇ ਨਾਂ ਹੋਣ ਦੇ ਕਈ ਪ੍ਰਭਾਵ ਨਜ਼ਰ ਆ ਰਹੇ ਹਨ ।
ਸਭ ਤੋਂ ਵੱਡਾ ਪ੍ਰਭਾਵ ਟੀਵੀ ਚੈਨਲਾਂ ਤੇ ਨਜ਼ਰ ਆ ਰਿਹਾ ਹੈ। ਅਜੀਬ ਜਿਹੀ ਸ਼ਾਂਤੀ ਹੈ ਜਿਵੇਂ ਸੋਗ ਸਮਾਗਮ ਚੱਲ ਰਿਹਾ ਹੋਵੇ । ਨਿਊਜ਼ ਐਂਕਰਾਂ ਕੋਲੋਂ ਜਿਵੇਂ ਕਿਸੇ ਨੇ ਮੁੱਦਾ ਹੀ ਖੋਹ ਲਿਆ ਹੋਵੇ ।ਕੁਝ ਮਹਿਲਾ ਐਂਕਰਾਂ ਤਾਂ ਪ੍ਰਾਈਮ ਟਾਈਮ ਤੇ ਸਵੈਟਰ ਬੁਣਦੀਆਂ ਤੇ ਇੱਕ ਦੂਜੀ ਦੀਆਂ ਜੂਆਂ ਕੱਢਦੀਆਂ ਨਜ਼ਰ ਆਈਆਂ। ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਕਈਆਂ ਦਾ ਰੁਜ਼ਗਾਰ ਖੁੱਸ ਜਾਵੇ ਤੇ ਚੈਨਲ ਬੰਦ ਕਰਨੇ ਪੈ ਜਾਣ । ਕਿਉਂਕੀ ਰੁਜ਼ਗਾਰ ਸਿਹਤ ਤੇ ਸਿੱਖਿਆ ਕੋਈ ਮੁੱਦਾ ਹੀ ਨਹੀਂ ਹਨ,ਇਸ ਕਰਕੇ ਇਹ ਸੁਰਖੀਆਂ ਨਹੀਂ ਬਣ ਸਕਦੇ ਤੇ ਨਾ ਇਹਨਾਂ ਤੇ ਪੈਨਲ ਚਰਚਾ ਹੋ ਸਕਦੀ ਹੈ। ਹਰ ਬੰਦਾ ਪੜ੍ਹਿਆ ਲਿਖਿਆ ਹੋ ਗਿਆ ਹੈ। ਕੋਈ ਭੁੱਖ ਨਾਲ ਨਹੀਂ ਮਰਦਾ ।ਪੜ੍ਹਾਈ ਮੁੱਕਦੇ ਸਾਰ ਹੀ ਵਾਜਬ ਤਨਖਾਹ ਤੇ ਰੁਜ਼ਗਾਰ ਮੁਹੱਈਆ ਹੋ ਰਿਹਾ ਹੈ। ਬਾਲਾਂ ਦੀ ਕੁਪੋਸ਼ਣ ਨਾਲ ਮੌਤ ਸਾਡੇ ਮੁਲਕ ਵਿੱਚ ਹੁੰਦੀ ਹੀ ਨਹੀਂ ਜੇ ਹੋ ਵੀ ਜਾਵੇ ਤਾਂ ਮਾਲਕ ਦੀ ਰਜ਼ਾ ਹੈ । ਔਰਤਾਂ ਦਾ ਸਨਮਾਨ ਪੂਰਾ ਹੁੰਦਾ ਹੈ । ਸਾਡੇ ਸ਼ਾਸਤਰ ਇਸ ਜਾਤ ਨੂੰ ਦੇਵੀ ਜੋ ਕਹਿੰਦੇ ਹਨ । ਨਾ ਕੋਈ ਬੇਪਤੀ ਹੁੰਦੀ ਹੈ ਨਾ ਹੀ ਘਰੇਲੂ ਹਿੰਸਾ। ਇਸ ਕਰਕੇ ਇਹ ਕੋਈ ਮੁੱਦਾ ਹੀ ਨਹੀਂ ਹਨ । ਜੇ ਹੈਨ ਵੀ ਤੇ ਜੰਗ ਵਰਗੇ ਰਾਸ਼ਟਰੀ ਮੁੱਦੇ ਤੋਂ ਬਹੁਤ ਛੋਟੇ । ਇਨ੍ਹਾਂ ਖੇਤਰਾਂ ਵਿੱਚ ਅਸੀਂ ਗੁਪਤ ਸਾਮਰਾਜ ਦੇ ਸਮੇਂ ਤੋਂ ਹੀ ਉੱਚੀਆਂ ਮੰਜ਼ਿਲਾਂ ਛੋਹ ਲਈਆਂ ਹਨ।
ਜਦੋਂ ਦਾ ਇਹ ਮੁੱਦਾ ਮੁੱਕਿਆ ਹੈ ਦਰਸ਼ਕਾਂ ਦੀ ਸ਼ਾਮ ਦੀ ਚਾਹ ਬੇਸੁਆਦੀ ਹੋ ਗਈ ਹੈ। ਸ਼ਾਮ ਨੂੰ ਥੱਕਾ ਟੁੱਟਾ ਕੰਮ ਤੋਂ ਆਉਂਦਾ ਭਾਰਤੀ ਜਨ ਮਾਨਸ ਇੱਕ ਵੱਡੇ ਮਨੋਰੰਜਨ ਤੋਂ ਵਾਂਝਾ ਹੋ ਗਿਆ ਜਾਪਦਾ ਹੈ। ਮੇਜ਼ ਤੇ ਲੱਤਾਂ ਟਿਕਾ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਚਾਰ ਪੰਜ ਵਿਦਵਾਨ , ਰੱਖਿਆ ਮਾਹਰ, ਵੱਡੀਆਂ ਮੁੱਛਾਂ ਵਾਲੇ ਕਰਨੈਲ ਜਰਨੈਲਾਂ ਦੇ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲੇ ਗਰਮਾ ਗਰਮ ਵਿਚਾਰਾਂ ਨੂੰ ਸੁਣਨ ਦਾ ਨਜ਼ਾਰਾ ਹੀ ਵੱਖਰਾ ਸੀ।ਇਉਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮੁੱਦਾ ਟੀਵੀ ਵਾਲਿਆਂ ਕੋਲ ਇੱਕ ਛਣਕਣਾ ਹੈ ਜਿਸ ਨੂੰ ਜਦੋਂ ਮਰਜ਼ੀ ਵਜਾਇਆ ਜਾ ਸਕਦਾ ਹੈ ।ਖਾਸ ਤੌਰ ਤੇ ਚੋਣਾਂ ਵਾਲੇ ਦਿਨਾਂ ਵਿੱਚ ।ਇੰਨੀ ਗਾਰੰਟੀ ਜ਼ਰੂਰ ਹੈ ਜਦੋਂ ਇਹ ਛਣਕਣਾ ਵੱਜਦਾ ਹੈ ਤਾਂ ਹੋਰ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ ।
ਕ੍ਰਿਕਟ ਦਾ ਵਰਲਡ ਕੱਪ ਨੀਰਸ ਹੋ ਚੁੱਕਾ ਹੈ। ਸਾਰੀ ਦੁਨੀਆਂ ਦੇ ਮੁਲਕਾਂ ਨੂੰ ਹਰਾ ਕੇ ਆਇਆ ਆਨੰਦ ਪਾਕਿਸਤਾਨ ਨੂੰ ਹਰਾਉਣ ਦੇ ਵਿੱਚ ਆਏ ਆਨੰਦ ਦੇ ਬਰਾਬਰ ਨਹੀਂ ਹੋ ਸਕਦਾ ਜਿਸ ਨੂੰ ਮਰਜ਼ੀ ਪੁੱਛ ਲਵੋ, ਇਹੀ ਕਹੇਗਾ ਬਈ ਸਾਡੀ ਟੀਮ ਭਾਵੇਂ ਸਾਰੀ ਦੁਨੀਆਂ ਕੋਲੋਂ ਹਾਰ ਜਾਵੇ ,ਸਾਨੂੰ ਕੋਈ ਗਿਲਾ ਨਹੀਂ ਪਰ ਪਾਕਿਸਤਾਨ ਕੋਲੋਂ ਹਾਰ ਕੇ ਨਾ ਆਇਓ ।ਹਾਰਨ ਵਾਲੀ ਟੀਮ ਤੇ ਲੋਕਾਂ ਦਾ ਆਪਣੇ ਟੀਵੀ ਭੰਨਣ ਤੇ ਦਿਲ ਦਾ ਦੌਰਾ ਪੈਣ ਦੀ ਦੀਆਂ ਖ਼ਬਰਾਂ ਹਰ ਵਾਰ ਸੁਣਨ ਨੂੰ ਮਿਲਦੀਆਂ ਹਨ ।ਚਲੋ ਕਈ ਕੀਮਤੀ ਟੀਵੀ ਸੈੱਟ ਤੇ ਸਸਤੀਆਂ ਜਾਨਾਂ ਬਚ ਗਈਆਂ ।ਵੈਸੇ ਵੀ ਪਾਕਿਸਤਾਨ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ, ਇਸ ਗੱਲ ਦਾ ਬੋਧ ਵੀ ਸਾਨੂੰ ਇਨ੍ਹਾਂ ਵਰਲਡ ਕੱਪ ਦੇ ਮੈਚਾਂ ਨੇ ਹੀ ਕਰਵਾਇਆ ਸੀ। ਹਾਏ ਜੱਗ ਚੰਦਰਾ, ਵੈਰੀਆਂ ਦੇ ਵੈਰ ਚ ਵੀ ਬਿਜ਼ਨਸ ਕਰ ਲੈਂਦਾ ਹੈ ।
ਪਾਕਿਸਤਾਨ ਦੇ ਦੁਨੀਆਂ ਦੇ ਨਕਸ਼ੇ ਤੇ ਗਾਇਬ ਹੋਣ ਤੋਂ ਬਾਅਦ ਸਾਡੇ ਦੇਸ਼ ਦੀ ਰਾਜਨੀਤੀ ਨੇ ਨਵਾਂ ਮੋੜ ਲੈ ਲਿਆ ਹੈ। ਰਾਜਨੇਤਾ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ । ਇਵੇਂ ਲੱਗ ਰਿਹਾ ਹੈ ਜਿਵੇਂ ਹੋਲੀ ਬਿਨਾਂ ਰੰਗਾਂ ਤੋਂ ਖੇਡੀ ਜਾ ਰਹੀ ਹੈ, ਦੀਵਾਲੀ ਬਿਨਾਂ ਪਟਾਕਿਆਂ ਦੇ ।(ਵੈਸੇ ਦੀਵਾਲੀ ਬਿਨਾਂ ਪਟਾਕਿਆਂ ਦੇ ਹੀ ਹੋਣੀ ਚਾਹੀਦੀ ਹੈ) ਨੇਤਾ ਜੀ ਦੇ ਭਾਸ਼ਣ ਵਿਚਲੇ ਗਰਮ ਗਰਮ ਡਾਇਲਾਗ ਗਾਇਬ ਹਨ …
ਐਤਕੀਂ ਆਰ ਪਾਰ ਦੀ ਲੜਾਈ ਹੋਵੇਗੀ , ਅਸੀਂ ਦੁਸ਼ਮਣਾਂ ਨੂੰ ਮਜ਼ਾ ਸਿਖਾਵਾਂਗੇ… ਸਾਲਾ ਦੋ ਕੌਡੀ ਦਾ ਦੇਸ਼… ।ਜਨਤਾ ਵਿਚਾਰੀ ਉਬਾਸੀਆਂ ਮਾਰ ਰਹੀ ਹੈ । ਉਹ ਵੀ ਇਹ ਗੱਲਾਂ ਸੁਣਨ ਦੀ ਆਦੀ ਹੋ ਗਈ ਹੈ। ਰੋਟੀ ਚਾਹੇ ਮਿਲੇ ਨਾ ਮਿਲੇ ਪਰ ਪਾਕਿਸਤਾਨ ਨੂੰ ਮਜਾ ਚਖਾਉਣਾ ਹੈ। ਜਨਤਾ ਤੇ ਜਨਤਾ ਦੇ ਮਾਈ ਬਾਪ ਦੋਨੋਂ ਪ੍ਰੇਸ਼ਾਨ ਹਨ ਕਿ ਅਗਲੇ ਪੰਜ ਸਾਲ ਮਜ਼ਾ ਕਿਸਨੂੰ ਚਖਾਵਾਂਗੇ? ਕੁੱਲ ਮਿਲਾ ਕੇ ਸਭ ਤੋਂ ਵੱਡਾ ਨੁਕਸਾਨ ਇਸੇ ਇੰਡਸਟਰੀ ਨੂੰ ਹੋਇਆ ਹੈ ।
ਵਪਾਰ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਪਿਆ। ਹਾਂ… ਇੱਕ ਪਾਸੇ ਡੂੰਘੀ ਮਾਰ ਵੱਜੀ ਹੈ ।ਦੁਨੀਆਂ ਭਰ ਦੀਆਂ ਅਸਲਾ ਬਣਾਉਣ ਵਾਲੀਆਂ ਕੰਪਨੀਆਂ ਮੰਦੀ ਦੀ ਮਾਰ ਮਹਿਸੂਸ ਕਰ ਰਹੀਆਂ ਹਨ।ਦਿੱਲੀ ਤੋਂ ਇਸਲਾਮਾਬਾਦ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਧੂੜਾਂ ਫੱਕ ਰਹੀਆਂ ਹਨ। ਪ੍ਰਮਾਣੂ ਬੰਬਾਂ ਦੀ ਕਦਰ ਜਿਹੀ ਘੱਟ ਗਈ ਹੈ। ਉਨ੍ਹਾਂ ਨੂੰ ਕੋਈ ਬੇਰਾਂ ਵੱਟੇ ਨਹੀਂ ਪੁੱਛ ਰਿਹਾ । ਕੰਪਨੀਆਂ ਨਵੇਂ ਗ੍ਰਾਹਕਾਂ ਦੀ ਤਲਾਸ਼ ਕਰ ਰਹੀਆਂ ਹਨ ।ਉਨ੍ਹਾਂ ਦੇ ਦੋ ਵੱਡੇ ਗ੍ਰਾਹਕ ਜੋ ਖੁੱਸ ਗਏ ਹਨ ।
ਇਸ ਵਾਕਿਆਤ ਨੇ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ । ਬੱਚੇ ਤੇ ਜਵਾਨ ਪਾਕਿ ਦਾ ਨਾਂ ਸੁਣ ਕੇ ਹੀ ਘਸੁੰਨ ਵੱਟ ਲੈਂਦੇ ਸੀ। ਪਰ ਬਜ਼ੁਰਗ….. ਬਜ਼ੁਰਗਾਂ ਦੀ ਰਾਏ ਤਾਂ ਕਿਸੇ ਨੇ ਸੁਣੀ ਹੀ ਨਹੀਂ। ਕੋਈ ਬਜ਼ੁਰਗ ਕਿਉਂ ਨਹੀਂ ਨਜ਼ਰ ਨਹੀਂ ਨਜ਼ਰ ਆਇਆ ਪਾਕਿ ਨੂੰ ਗਾਲ੍ਹਾਂ ਕੱਢਦਾ ?….ਘਸੁੰਨ ਵੱਟਦਾ । ਕੋਈ ਆਪਣੀ ਜੰਮਣ ਭੋਇ ਨੂੰ ਵੀ ਗਾਲ੍ਹਾਂ ਕੱਢਦਾ ਹੈ ਭਲਾ? ਕੋਈ ਆਪਣੀ ਮਾਂ ਨੂੰ ਵੀ ਮੰਦਾ ਚੰਗਾ ਬੋਲਦਾ ਹੈ ? ਜਿੱਥੇ ਉਸ ਦਾ ਬਚਪਨ ਬੀਤਿਆ ਹੋਵੇ, ਜਿਸ ਮਿੱਟੀ ਵਿੱਚ ਉਸ ਦੇ ਪੁਰਖਿਆਂ ਦੀ ਰਾਖ ਰਲੀ ਹੋਵੇ, ਜਿਨ੍ਹਾਂ ਦੀ ਆਪਣੀ ਅੰਤਿਮ ਇੱਛਾ ਉਸੇ ਮਿੱਟੀ ਵਿੱਚ ਮਿੱਟੀ ਹੋ ਜਾਣ ਦੀ ਹੈ ।ਜਿਹਨਾਂ ਦੇ ਮੂੰਹੋਂ ਮਰਨ ਵੇਲੇ ਆਜਾ ਓਏ ਸਲੀਮਿਆ, ਸਰਜਿਆ ਓਏ ਵੀਰ ਫ਼ਜ਼ਲਿਆ, ਨੀ ਭੈਣ ਸਕੀਨਾ ਨਿਕਲਿਆ ਹੈ। ਓਹ ਕਿੰਵੇਂ ਕਹਿ ਦੇਣ ….ਦੁਨੀਆ ਦੇ ਨਕਸ਼ੇ ਤੋਂ ਮਿੱਟ ਜਾ।
ਵੇ ਪਾਕਿਆ ! ਜੋ ਮਰਜੀ ਆ ਤੂੰ ਕਿਸੇ ਸਮੇਂ ਸਾਡੀ ਆਂਦਰ ਸੈਂ।ਹੁਣ ਗੁਆਂਢੀ ਹੈਂ।ਗੁਆਂਢੀ ਵਸਦੇ ਹੀ ਚੰਗੇ। ਦੁੱਖ ਸੁੱਖ ਵੇਲੇ ਗੁਆਂਢੀ ਹੀ ਬਹੁੜਦੇ….ਕੁੜਮ ਬਾਅਦ ਵਿੱਚ। ਆ ਚੰਗੇ ਗੁਆਂਢੀ ਬਣੀਏ।ਤੈਨੂੰ ਰੱਬ ਦੀਆਂ ਸੱਤੇ ਖੈਰਾਂ।
ਨਿਊਜ਼ ਐਂਕਰ ਦੀ ਧਮਕੀ ਭਰੀ ਖਬਰ ਸੁਣ ਕੇ ਮੈਂ ਤ੍ਰਭਕ ਕੇ ਜਾਗ ਗਿਆ।ਖਬਰ ਚੱਲ ਰਹੀ ਸੀ ਪਾਕਿਸਤਾਨ ਕੀ ਨਾਪਾਕ ਕਰਤੂਤ…ਭਾਰਤ ਕੀ ਤਰਫ ਆਂਧੀ ਭਰੀ ਹਵਾਏਂ ਛੋੜਨੇ ਕੇ ਬਾਅਦ ਅਬ ਟਿੱਡੀ ਦਲੋਂ ਸੇ ਕੀਆ ਹਮਲਾ।
– – ਤਜਿੰਦਰ ਸਿੰਘ ਅਲਾਉਦੀਪੁਰ
ਮੁਹੱਲਾ ਸ਼ੇਖਾਂ ,ਕਪੂਰਥਲਾ
+91 95010 33048