ਜੇ ਨਹੀਂ ਸੜਕ ਬਣਾਉਣੀ ਤਾਂ ਘੱਟੋ ਘੱਟ 550 ਖ਼ਤਰਨਾਕ ਟੋਏ ਹੀ ਪੂਰ ਦਿਓ – ਅਸ਼ੋਕ ਸੰਧੂ ਨੰਬਰਦਾਰ

ਫੋਟੋ : ਚਾਰ-ਚਾਰ ਫੁੱਟ ਚੌੜੇ ਡੇਢ-ਡੇਢ ਫੁੱਟ ਡੂੰਘੇ ਟੋਇਆਂ ਨੂੰ ਦਿਖਾਉਂਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਆਪਣੇ ਜਾਂਬਾਜ਼ ਸਾਥੀਆਂ ਨਾਲ।
ਮਾਮਲਾ ਨੂਰਮਹਿਲ-ਨਕੋਦਰ-ਫਿਲੌਰ ਦੀਆਂ ਟੁੱਟੀਆਂ ਸੜਕਾਂ ਦਾ
ਨੂਰਮਹਿਲ – (ਹਰਜਿੰਦਰ ਛਾਬੜਾ) ਨੰਬਰਦਾਰ ਯੂਨੀਅਨ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਨੇ ਪੀ. ਡਬਲਯੂ. ਡੀ. ਵਿਭਾਗ ਪਾਸ ਗੁਹਾਰ ਲਗਾਈ ਹੈ ਕਿ ਜੇਕਰ ਨੂਰਮਹਿਲ-ਨਕੋਦਰ-ਫਿਲੌਰ ਸੜਕ ਨਹੀਂ ਬਣਾਉਣੀ ਤਾਂ ਘੱਟੋ ਘੱਟ ਸੜਕ ਵਿੱਚ ਪਏ 550 ਤੋਂ ਵੀ ਵੱਧ ਖ਼ਤਰਨਾਕ ਟੋਏ ਹੀ ਪੂਰਕੇ ਖਾਨਾ ਪੂਰਤੀ ਕਰ ਦਿਓ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਅੱਜ ਤੋਂ ਲਗਭਗ ਦੋ ਮਹੀਨੇ ਪਹਿਲਾਂ ਪੀ. ਡਬਲਯੂ. ਡੀ. ਵਿਭਾਗ ਦੇ ਐਕਸੀਅਨ ਅਤੇ ਐਸ.ਡੀ.ਓ ਨੇ ਵਾਅਦਾ ਕੀਤਾ ਸੀ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜਿੱਥੇ ਅਸੀਂ ਨੂਰਮਹਿਲ-ਨਕੋਦਰ-ਫਿਲੌਰ ਸੜਕ ਤਿਆਰ ਕਰਾਂਗੇ ਉੱਥੇ ਵਿਸ਼ੇਸ਼ ਤੌਰ ਤੇ ਨੂਰਮਹਿਲ ਦੇ ਧਾਰਮਿਕ ਅਸਥਾਨਾਂ ਨਾਲ ਸੰਬੰਧਤ ਸੜਕਾਂ ਵੀ ਪਹਿਲ ਦੇ ਅਧਾਰ ਤੇ ਤਿਆਰ ਕਰਾਂਗੇ ਉਪਰੰਤ ਹੀ ਕੋਈ ਹੋਰ ਕਾਰਜ ਕਰਾਂਗੇ। ਪਰ ਮੌਜੂਦਾ ਹਾਲਾਤ ਅਤੇ ਮੌਸਮ ਦੀ ਕਰਵਟ ਨੂੰ ਦੇਖਦਿਆਂ ਲਗਦਾ ਨਹੀਂ ਕਿ ਵਿਭਾਗ ਸੜਕਾਂ ਨੂੰ ਬਣਾਉਣ ਵਿੱਚ ਕੋਈ ਦਿਲਚਸਪੀ ਹੈ। ਹੈਰਾਨੀ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਲੋੜੀਂਦੀ ਰਾਸ਼ੀ ਵੀ ਜਾਰੀ ਕੀਤੀ ਹੋਈ ਹੈ ਫਿਰ ਵੀ ਵਿਭਾਗ ਦੀ ਚੁੱਪੀ ਲੋਕਾਂ ਦੀ ਜਾਨ ਦਾ ਖੌ ਬਣੀ ਹੋਈ ਹੈ। ਲੋਕ ਰੋਜ਼ਾਨਾ ਜਿੱਥੇ ਡੂੰਘੇ ਡੂੰਘੇ ਟੋਇਆਂ ਕਾਰਣ ਆਪਣੀਆਂ ਗੱਡੀਆਂ ਤੁੜਵਾ ਰਹੇ ਹਨ ਉੱਥੇ ਰੋਜ਼ਾਨਾ ਹਾਦਸਿਆਂ ਦਾ ਵੀ ਸ਼ਿਕਾਰ ਹੋ ਰਹੇ ਹਨ ਪਰ ਵਿਭਾਗ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਮਿਸ਼ਨ ਤੰਦਰੁਸਤ ਨੂਰਮਹਿਲ ਵਿੱਚ ਹਿੱਸਾ ਲੈਂਦੇ ਹੋਏ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਜਨਰਲ ਸਕੱਤਰ ਸ਼ਰਨਜੀਤ ਬਿੱਲਾ, ਪ੍ਰੈਸ ਸਕੱਤਰ ਅਨਿਲ ਸ਼ਰਮਾ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਕੋਆਰਡੀਨੇਟਰ ਦਿਨਕਰ ਸੰਧੂ, ਮਾਸਟਰ ਸੁਭਾਸ਼ ਢੰਡ, ਓਮ ਪ੍ਰਕਾਸ਼ ਜੰਡੂ, ਸਮਾਜ ਸੇਵੀ ਮਨਦੀਪ ਕੁਮਾਰ ਸ਼ਰਮਾ, ਯੂਨੀਅਨ ਦੇ ਸਲਾਹਕਾਰ ਭਜਨ ਲਾਲ ਜੀ ਨੇ ਕਿਹਾ ਕਿ ਪੀ. ਡਬਲਯੂ. ਡੀ. ਵਿਭਾਗ ਬਿਨਾਂ ਸੰਘਰਸ਼ ਵਿੱਡੇ ਹਰਕਤ ਵਿੱਚ ਨਹੀਂ ਆਵੇਗਾ, ਸੋ ਜੇਕਰ ਇੱਕ ਹਫ਼ਤੇ ਦੇ ਅੰਦਰ ਅੰਦਰ ਨੂਰਮਹਿਲ-ਨਕੋਦਰ-ਫਿਲੌਰ, ਨੂਰਮਹਿਲ-ਤਲਵਣ-ਜਲੰਧਰ ਅਤੇ ਨੂਰਮਹਿਲ ਸ਼ਹਿਰ ਦੀਆਂ ਧਾਰਮਿਕ ਅਸਥਾਨਾਂ ਨਾਲ ਸਬੰਧਤ ਸੜਕਾਂ ਬਣਾਉਣੀਆਂ ਨਾ ਸ਼ੁਰੂ ਕੀਤੀਆਂ ਤਾਂ ਪੀ.ਡਬਲਯੂ.ਡੀ ਵਿਭਾਗ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ।
                    ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਪੀ.ਡਬਲਯੂ.ਡੀ. ਵਿਭਾਗ ਨੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੜਕ ਨਾ ਬਣਾਕੇ ਇਲਾਕੇ ਅਤੇ ਦੂਰ ਦੁਰਾਡੇ ਤੋਂ ਫਿਲੌਰ-ਨੂਰਮਹਿਲ-ਨਕੋਦਰ ਜਾਣ ਵਾਲੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਜਿਸਦੀ ਨੰਬਰਦਾਰ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਲਿਹਾਜ਼ਾ ਵਿਭਾਗ ਸੜਕਾਂ ਵਿੱਚ ਪਏ 550 ਤੋਂ ਵੱਧ ਡੂੰਘੇ ਅਤੇ ਖ਼ਤਰਨਾਕ ਟੋਇਆਂ ਨੂੰ ਤੁਰੰਤ ਭਰੇ।
Previous articleJUI-F’s ‘Azadi March’ reaches Islamabad
Next articleAKSHAY KUMAR TEACHES US A LESSON IN HUMANITY