ਹਰਮੀਤ ਦੇ ਵਿਆਹ ਹੋਏ ਨੂੰ ਤਕਰੀਬਨ ਇਕ ਸਾਲ ਹੋ ਗਿਆ ਸੀ। ਵਿਆਹ ਦੇ ਤਿੰਨ ਚਾਰ ਦਿਨਾਂ ਬਾਅਦ ਹੀ ਹਰਮੀਤ ਤੇ ਉਸਦੀ ਪਤਨੀ ਘੁੰਮਦੇ ਹੋਏ ਘਰ ਵਾਪਸ ਕਾਰ ਤੇ ਆ ਰਹੇ ਸੀ।ਅਚਾਨਕ ਚੱਲੇ ਹਨੇਰ ਨੇ ਜਿਵੇਂ ਸਚਮੁੱਚ ਅੱਖਾਂ ਸਾਹਮਣੇ ਹਨੇਰਾ ਹੀ ਕਰ ਦਿੱਤਾ।ਸਾਹਮਣੇ ਆਉਂਦਾ ਟਰੱਕ ਉਨ੍ਹਾਂ ਦੀ ਕਾਰ ਵਿੱਚ ਆ ਵੱਜਿਆ।ਹਾਦਸਾ ਏਨਾਂ ਭਿਆਨਕ ਸੀ ਕਾਰ ਦੇ ਚੀਥੜੇ ਉੱਡ ਗਏ।ਜਦੋਂ ਹੋਸ਼ ਆਈ ਤਾਂ ਹਰਮੀਤ ਨਹਿਰ ਦੇ ਕਿਨਾਰੇ ਤੇ ਪਿਆ ਸੀ।ਜਦੋਂ ਉਠਿਆ ਤਾਂ ਕਾਰ ਟੁੱਟੀ ਨੂੰ ਦੇਖ ਆਪਣੀ ਪਤਨੀ ਨੂੰ ਦੇਖਣਾ ਸ਼ੁਰੂ ਕੀਤਾ ਪਰ ਉਹ ਕਿਤੇ ਨਜ਼ਰ ਨਾ ਆਈ।ਸੁੰਨਸਾਨ ਜਗ੍ਹਾ ਤੇ ਵਾਪਰੇ ਇਸ ਹਾਦਸੇ ਵੱਲ ਵੀ ਕਿਸੇ ਨੇ ਧਿਆਨ ਨਾ ਦਿੱਤਾ।ਸਾਰੀ ਰਾਤ ਹਰਮੀਤ ਸਿਮਰਨ ਨੂੰ ਉੱਚੀ ਉੱਚੀ ਅਵਾਜ਼ ਦੇ ਕੇ ਲੱਭਦਾ ਰਿਹਾ ਪਰ ਉਹ ਕਿਤੇ ਨਜ਼ਰ ਨਾ ਆਈ। ਤਕਰੀਬਨ ਚਾਰ ਦਿਨ ਤੱਕ ਉਸਨੇ ਨਹਿਰ ਦੇ ਆਲੇ ਦੁਆਲੇ ਤੇ ਦੂਰ ਤੱਕ ਲੱਭਿਆ ਪਰ ਉਹ ਨਜ਼ਰ ਨਾ ਆਈ। ਸਭ ਦੇ ਮੂੰਹ ਤੇ ਇਹੀ ਗਲ ਸੀ ਕਿ ਉਹ ਹੁਣ ਨਹੀ ਰਹੀ। ਸ਼ਾਇਦ ਨਹਿਰ ਦਾ ਵਹਾਅ ਉਸਨੂੰ ਰੋੜ੍ਹ ਕੇ ਲੈ ਗਿਆ। ਕਿੰਨੇ ਦਿਨ ਘਰ ਵਿੱਚ ਮਾਤਮ ਛਾਇਆ ਰਿਹਾ।
ਇਕ ਦੋ ਮਹੀਨੇ ਬਾਅਦ ਮੀਤ ਨੇ ਆਪਣੇ ਦਿਲ ਨੂੰ ਤਸੱਲੀ ਦੇ ਲਈ ਕਿ ਹੁਣ ਉਹ ਨਹੀ ਰਹੀ।
ਦਰਅਸਲ ਸਿਮਰਨ ਹਰਮੀਤ ਨਾਲ ਫੇਸਬੁਕ ਦੇ ਜਰੀਏ ਜੁੜੀ ਸੀ।ਘਰ ‘ਚ ਉਸਦੀ ਇਕੱਲੀ ਮਾਂ ਸੀ।ਹਰਮੀਤ ਛੇਤੀ ਹੀ ਨੌਕਰੀ ਲੱਗ ਗਿਆ।ਸਿਮਰਨ ਹੂਰ ਪਰੀਆਂ ਵਰਗੀ ਸੀ।ਉਸਦਾ ਹੱਸਮੁੱਖ ਚਿਹਰਾ ਹਰ ਇਕ ਦਾ ਦਿਲ ਖਿੱਚਦਾ ਸੀ ।ਹਰਮੀਤ ਦੇ ਮਾਪਿਆਂ ਨੂੰ ਪਹਿਲੀ ਦੇਖਣੀ ‘ਚ ਹੀ ਉਹ ਪਸੰਦ ਆ ਗਈ ਤੇ ਫਿਰ ਉਨ੍ਹਾਂ ਵਿਆਹ ਕਰਵਾ ਲਿਆ।ਜਿਸ ਦਿਨ ਇਹ ਹਾਦਸਾ ਵਾਪਰਿਆ ਉਸਤੋਂ ਅਗਲੇ ਦਿਨ ਹੀ ਵਿਆਹ ਦਾ ਪ੍ਰੋਗਰਾਮ ਰੱਖਿਆ ਸੀ ਜਿਸ ਵਿੱਚ ਸਾਰੇ ਸਾਕ ਸੰਬੰਧੀਆਂ ਨੇ ਆਉਣਾ ਸੀ ਤੇ ਨਵਵਿਆਹੀ ਨੰਹੂ ਸਿਮਰਨ ਨੂੰ ਦੇਖਣਾ ਸੀ।ਪਰ ਇਸ ਹਾਦਸੇ ਨੇ ਹਰਮੀਤ ਨੂੰ ਵਲੂੰਧਰ ਕੇ ਰੱਖ ਦਿੱਤਾ।ਅਜ ਹਰਮੀਤ ਦੇ ਵਿਆਹ ਨੂੰ ਇਕ ਸਾਲ ਹੋ ਗਿਆ ਹੈ।
ਹਰਮੀਤ ਦੇ ਪਰਿਵਾਰ ਦੇ ਨਾਲ ਨਾਲ ਹੁਣ ਹੋਰ ਵੀ ਸੰਬੰਧੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ” ਹਰਮੀਤ ਅਜੇ ਤੇਰੀ ਉਮਰ ਹੀ ਕੀ ਹੈ ,ਤੂੰ ਆਪਣਾ ਦੂਜਾ ਵਿਆਹ ਕਰਵਾ ਲੈ ਤੇ ਆਪਣਾ ਗ੍ਰਹਿਸਥੀ ਜੀਵਨ ਅੱਗੇ ਤੋਰ।” ਪਰ ਜਦੋਂ ਵੀ ਕੋਈ ਵਿਆਹ ਦੀ ਹਰਮੀਤ ਨਾਲ ਗੱਲ ਕਰਦਾ ਤਾਂ ਅੱਖਾਂ ਸਾਹਮਣੇ ਸਿਮਰਨ ਘੁੰਮਣ ਲੱਗ ਪੈਂਦੀ। ਕਿਤੇ ਕਿਤੇ ਚਿੱਤ ਕਰਿਆ ਕਰੇ ਕਿ ਘਰ ਛੱਡ ਕੇ ਦੂਰ ਚਲਾ ਜਾਵਾਂ।ਪਰ ਫਿਰ ਸੋਚਿਆ ਕਰੇ ਜਿੰਦਗੀ ਬਹੁਤ ਵੱਡੀ ਹੈ। ਹਰਮੀਤ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਹੱਸਣਾ ਖੇਡਣਾ ਸ਼ੁਰੂ ਕਰ ਦਿੱਤਾ।
ਜਦੋਂ ਫੇਸਬੁਕ ਨੂੰ ਚਲਾਇਆ ਤਾਂ ਕਿਸੇ ਜੱਸੀ ਕੌਰ ਨਾਂ ਦੀ ਆਈ ਡੀ ਤੇ ਹਰਮੀਤ ਨੂੰ ਮੈਸਿਜ ਆਏ ਹੋਏ ਸੀ।
ਦਿਲ ਨਹੀ ਕੀਤਾ ਜਵਾਬ ਦੇਣ ਨੂੰ।ਫਿਰ ਕਿਤੇ ਕਿਤੇ ਉਹ ਸਿਮਰਨ ਦੀ ਆਈ ਡੀ ਦੇਖ ਲਿਆ ਕਰੇ।ਮੀਤ ਦੇ ਫੇਸਬੁਕ ਚਲਾਉਣ ਤੇ ਜੱਸੀ ਕੌਰ ਦੇ ਹੋਰ ਮੈਸਿਜ ਆਉਣ ਲਗ ਪਏ।ਮੀਤ ਨੇ ਵੀ ਰਿਪਲਾਈ ਕਰਨਾ ਸ਼ੁਰੂ ਕਰ ਦਿੱਤਾ।
ਪਤਾ ਹੀ ਨਹੀਂ ਲਗਿਆ ਕਦੋਂ ਆਪਸੀ ਦੋਸਤੀ ਹੋ ਗਈ।ਕਿਤੇ ਕਿਤੇ ਮੀਤ ਉਸਨੂੰ ਫੋਨ ਵੀ ਕਰ ਲੈਂਦਾ।ਤਿੰਨ ਚਾਰ ਮਹੀਨੇ ਹੋ ਗਏ ਸੀ ਇਨ੍ਹਾਂ ਨੂੰ ਆਪਸੀ ਗੱਲਾਂ ਕਰਦਿਆਂ।ਇਕ ਦਿਨ ਦਿਨ ਜੱਸੀ ਨੇ ਦੱਸਿਆ ” ਮੇਰਾ ਪਰਿਵਾਰ ਮੇਰੇ ਲਈ ਰਿਸ਼ਤਾ ਲੱਭ ਰਿਹਾ ਹੈ ।”
ਹਰਮੀਤ ਦੀ ਹਿੰਮਤ ਨਾ ਹੋਈ ਕਿ ਕਿਸ ਤਰ੍ਹਾਂ ਉਹ ਆਪਣੀ ਗਲ ਰੱਖੇ।
ਜਦ ਉਸਨੇ ਮੀਤ ਕੋਲੋ ਪੁਛਿਆ ਤਾਂ ਉਸਨੇ ਕੁਝ ਲਕੋਣਾ ਨਾ ਚਾਹਿਆ ।ਮੀਤ ਨੇ ਦਸਿਆ ਕਿ ਮੇਰਾ ਵਿਆਹ ਹੋਇਆ ਸੀ।ਵਿਆਹ ਦੇ ਤਿੰਨ ਚਾਰ ਦਿਨਾਂ ਬਾਅਦ ਮੇਰੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਮੈ ਸਿਮਾਰਨ ਨੂੰ ਬਹੁਤ ਚਾਹੁੰਦਾ ਸੀ ਪਰ ਜੋ ਰੱਬ ਨੂੰ ਮਨਜੂਰ ਸੀ।ਹੁਣ ਮੇਰਾ ਬੇਬੇ ਬਾਪੂ ਮੇਰੇ ਭਵਿੱਖ ਬਾਰੇ ਸੋਚਦੇ ਹਨ ਤੇ ਮੈਨੂੰ ਕਹਿੰਦੇ ਕਿ ਤੂੰ ਵਿਆਹ ਕਰਵਾ ਲੈ।
ਸਭ ਕੁਝ ਸੁਣਨ ਤੋਂ ਬਾਅਦ ਜੱਸੀ ਨੇ ਜਵਾਬ ਦਿੱਤਾ ਕਿ ਮੈ ਤੁਹਾਡੇ ਨਾਲ ਵਿਆਹ ਕਰਵਾਉਣ ਨੂੰ ਰਾਜ਼ੀ ਹਾਂ।ਮੀਤ ਹੈਰਾਨ ਜਰੂਰ ਸੀ ਤੇ ਉਸਨੇ ਕਿਹਾ “ਕਿ ਮੈ ਤੁਹਾਨੂੰ ਦੇਖਿਆ ਨਹੀਂ?”
ਜੱਸੀ ਦਾ ਜਵਾਬ ਆਇਆ ” ਮੈ ਤੁਹਾਨੂੰ ਮਿਲਣਾ ਚਾਹੁੰਦੀ ਹਾਂ, ਤੁਸੀਂ ਸ਼ਹਿਰ ਰਾਮ ਪਾਰਕ ਪਰਿਵਾਰ ਨਾਲ ਆ ਜਾਣਾ ,ਤੁਹਾਡਾ ਇੰਤਜ਼ਾਰ ਕਰਾਂਗੀ”।
ਮੀਤ ਖੁਸ਼ ਵੀ ਸੀ ਤੇ ਹੈਰਾਨ ਵੀ।ਉਸਨੇ ਪਰਿਵਾਰ ਨੂੰ ਸਾਰੀ ਗੱਲਬਾਤ ਦੱਸੀ ।
ਫਿਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸਵੱਖਤੇ ਹੀ ਪਾਰਕ ਕੋਲ ਪਹੁੰਚ ਗਿਆ।ਇਕ ਸੁੰਦਰ ਇਸਤਰੀ ਨੂੰ ਆਪਣੇ ਵੱਲ ਉਨ੍ਹਾਂ ਆਉਂਦੇ ਦੇਖਿਆ।
ਮੀਤ ਨੂੰ ਬੁਲਾ ਕੇ ਜੱਸੀ ਨੇ ਬੇਬੇ ਬਾਪੂ ਨੂੰ ਪ੍ਰਣਾਮ ਕੀਤਾ।ਜੱਸੀ ਸੱਚਮੁੱਚ ਬਹੁਤ ਸੋਹਣੀ ਸੀ। ਬੇਬੇ ਨੇ ਗੱਲਬਾਤ ਛੇੜ ਕੇ ਪੁੱਛਿਆ ਪੁੱਤ ਤੇਰੇ ਮਾਪੇ ਨਹੀਂ ਆਏ ?
ਜੀ ਮੇਰੀ ਮਾਂ ਹੀ ਹੈ ,ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ। ਜੱਸੀ ਨੇ ਜਵਾਬ ਦਿੱਤਾ।
ਜਦੋਂ ਜੱਸੀ ਨੇ ਇਹ ਗੱਲ ਆਖੀ ਤਾਂ ਹਰਮੀਤ ਨੂੰ ਝੱਟ ਸਿਮਰਨ ਦੀ ਯਾਦ ਆ ਗਈ। ਉਸ ਨੂੰ ਫਿਰ ਸਿਮਰਨ ਨਾਲ ਕੀਤੇ ਵਾਅਦੇ ਯਾਦ ਆਏ। ਉਸ ਨੂੰ ਉੱਥੇ ਖੜੋਣਾ ਮੁਸ਼ਕਲ ਹੋ ਗਿਆ। ਉਸ ਨੇ ਕਿਹਾ, “ਮੈਨੂੰ ਅਜੇ ਥੋੜ੍ਹਾ ਸਮਾਂ ਹੋਰ ਚਾਹੀਦਾ ਹੈ। ਮੈਂ ਜੱਸੀ ਨਾਲ ਇਨਸਾਫ ਨਹੀਂ ਕਰ ਸਕਾਂਗਾ। ” ਐਨਾ ਆਖ ਕੇ ਉਹ ਭਰੀਆਂ ਅੱਖਾਂ ਨਾਲ ਮੁਆਫੀ ਮੰਗ ਕੇ ਉੱਥੋਂ ਜਾਣ ਲੱਗਿਆ ਤਾਂ ਜੱਸੀ ਨੇ ਉਸ ਦੀ ਬਾਂਹ ਫੜ ਲਈ।ਜੱਸੀ ਨੇ ਆਖਿਆ “ਹਰਮੀਤ ਮੈ ਸਿਮਰਨ ਹੀ ਹਾਂ?
ਸਿਮਰਨ ?ਮੈ ਕੁਝ ਸਮਝਿਆ ਨਹੀ?
ਸਿਮਰਨ ਨੇ ਦਸਿਆ ਕਿ ਹਰਮੀਤ ਉਸ ਹਾਦਸੇ ਵਿੱਚ ਮੈ ਮਰੀ ਨਹੀਂ ਸੀ ਮੈ ਜਿਉਂਦੀ ਸੀ।ਤੇਰੀ ਬਾਂਹ ਚੋਂ ਬਹੁਤ ਲਹੂ ਵਗ ਰਿਹਾ ਸੀ ਮੈ ਤੇਰੇ ਕੋਲ ਜਦੋਂ ਭੱਜ ਕੇ ਆਈ ਤਾਂ ਕਾਰ ਦੇ ਟੁੱਟੇ ਸੀਸੇ ਵਿੱਚ ਆਪਣਾ ਚਿਹਰਾ ਦੇਖਿਆ?
ਮੇਰਾ ਚਿਹਰਾ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ ਤੇ ਆਪਣੇ ਘਰ ਅਗਲੇ ਦਿਨ ਪ੍ਰੋਗਰਾਮ ਸੀ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੇਖਣ ਆਉਣਾ ਸੀ।
ਮੇਰੇ ਚਿਹਰੇ ਤੇ ਲੱਗੀਆਂ ਸੱਟਾਂ ਨੇ ਮੇਰੀ ਸੁੰਦਰਤਾ ਨੂੰ ਖਤਮ ਕਰਕੇ ਬਦਸੂਰਤ ਬਣਾ ਦਿਤਾ ਸੀ।ਤੇਰੇ ਸਾਹ ਚਲਦੇ ਦੇਖ ਕੇ ਮੈ ਉਥੋਂ ਤੁਰ ਪਈ ਤੇ ਤੈਨੂੰ ਬੇਹੋਸ਼ ਹੋਏ ਨੂੰ ਕਿਹਾ ਰੱਬ ਨੇ ਚਾਹਿਆ ਤਾਂ ਫਿਰ ਜਰੂਰ ਮਿਲਾਂਗੇ।
ਪਰ ਤੇਰਾ ਇਹ ਰੂਪ ਕਿਵੇ?ਹਰਮੀਤ ਨੇ ਹੈਰਾਨ ਹੋ ਕੇ ਪੁਛਿਆ।
ਸਿਮਰਨ ਨੇ ਦਸਿਆ ਕਿ ਉਥੋਂ ਚਲੇ ਜਾਣ ਤੋਂ ਬਾਅਦ ਮੈ ਡਾਕਟਰ ਦੇ ਕੋਲ ਗਈ ।ਮੈ ਡਾਕਟਰ ਨੂੰ ਕਿਹਾ ਕਿ ਮੈ ਸਰਜਰੀ ਕਰਵਾਉਣੀ ਹੈ ?ਮੇਰਾ ਰੂਪ ਸੋਹਣਾ ਬਣਾ ਦੇਣਾ।
ਡਾਕਟਰ ਨੇ ਖਰਚਾ ਦੱਸਿਆ ਪਰੰਤੂ ਮੇਰੇ ਕੋਲ ਉਨੇ ਪੈਸੇ ਨਹੀ ਸੀ ।ਮੈ ਕਿਸੇ ਅਮੀਰ ਘਰ ‘ਚ ਨੌਕਰਾਣੀ ਲੱਗ ਗਈ।ਇਕ ਸਾਲ ਮੈ ਉਨ੍ਹਾਂ ਘਰ ਕੰਮ ਕਰਕੇ ਪੈਸੇ ਜੋੜੇ।ਉਸ ਤੋ ਬਾਅਦ ਮੈ ਸਰਜਰੀ ਕਰਵਾ ਲਈ।ਮੈਨੂੰ ਤੇਰਾ ਫੇਸਬੁਕ ਅਕਾਉਂਟ ਪਤਾ ਸੀ।ਫਿਰ ਮੈ ਜੱਸੀ ਕੌਰ ਨਾਂ ਦੀ ਆਈ ਡੀ ਬਣਾ ਕੇ ਤੁਹਾਨੂੰ ਮੈਸਿਜ ਕਰਨੇ ਸ਼ੁਰੂ ਕਰ ਦਿਤੇ । ਮੈ ਉਡੀਕਦੀ ਸੀ ਕਿ ਕਦੋਂ ਤੁਸੀਂ ਮੈਨੂੰ ਜਵਾਬ ਦੇਵੋ।ਜਦੋਂ ਤੁਸੀਂ ਮੇਰੇ ਮੈਸਿਜ ਦਾ ਜਵਾਬ ਦਿੰਦੇ ਸੀ ਤਾਂ ਮੈ ਫੁੱਲੇ ਨਹੀਂ ਸੀ ਸਮਾਉਦੀ ।ਜਦ ਮੈਨੂੰ ਪਤਾ ਲਗਿਆ ਕਿ ਤੁਸੀ ਦੂਜਾ ਵਿਆਹ ਨਹੀਂ ਕਰਵਾਇਆ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ।
ਅਜ ਜੋ ਜੱਸੀ ਤੁਹਾਡੇ ਨਾਲ ਗੱਲਾਂ ਕਰ ਰਹੀ ਹੈ ਉਹ ਜੱਸੀ ਨਹੀ ਸਿਮਰਨ ਹੀ ਹੈ।ਬਸ ਰੂਪ ਬਦਲਿਆ ਹੈ ਦਿਲ ਤੇ ਮਹੁਬਤ ਓਹੀ ਹੈ।
ਹਰਮੀਤ ਦੀਆਂ ਅੱਖਾਂ ਡੁੱਲ ਰਹੀਆਂ ਸੀ।ਬੇਬੇ ਨੇ ਅੱਖਾਂ ਪੂੰਝਦੇ ਹੋਏ ਸਿਮਰਨ ਨੂੰ ਗਲ ਨਾਲ ਲਾਇਆ ਤੇ ਖੁਸ਼ੀ ਖੁਸ਼ੀ ਆਪਣੇ ਘਰ ਲੈ ਗਏ।ਫਿਰ ਸਮਾਂ ਪਾ ਕੇ ਸਮਾਗਮ ਕਰਕੇ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਾਰੇ ਸਾਕ ਸੰਬੰਧੀਆਂ ਹਾਜ਼ਰ ਹੋਏ ਤੇ ਦੁਆਵਾਂ ਦੇ ਕੇ ਗਏ।
ਸੁਰਜੀਤ ਸਿੰਘ ‘ਦਿਲਾ ਰਾਮ’
ਜਿਲ੍ਹਾ ਫਿਰੋਜ਼ਪੁਰ
ਸੰਪਰਕ +91 99147-22933