ਸ਼ਾਹਜਹਾਨਪੁਰ(ਉੱਤਰ ਪ੍ਰਦੇਸ਼) (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਜੇਲ੍ਹ ਪ੍ਰਸ਼ਾਸਨ ਨੇ ਇਥੋਂ ਦੀ ਜ਼ਿਲ੍ਹਾ ਜੇਲ੍ਹ ਵਿੱਚ ਇਕ ਸਮਾਗਮ ਦੌਰਾਨ ਸੰਤ ਆਸਾਰਾਮ ਦੀ ‘ਉਸਤਤ’ ਕਰਨ ਦੇ ਲੱਗੇ ਦੋਸ਼ਾਂ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਕਾਬਿਲੇਗੌਰ ਹੈ ਕਿ ਆਸਾਰਾਮ ਜਬਰ ਜਨਾਹ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।
ਜਬਰ ਜਨਾਹ ਪੀੜਤਾ ਦੇ ਪਿਤਾ ਨੇ ਸੰਤ ਆਸਾਰਾਮ ਦੇ ਦੋ ਸਰਧਾਲੂਆਂ ਵੱਲੋਂ ਲਖਨਊ ਤੋਂ ਇਥੇ ਆ ਕੇ ਜ਼ਿਲ੍ਹਾ ਜੇਲ੍ਹ ਵਿੱਚ ਕੰਬਲ ਵੰਡਣ ਅਤੇ ਪ੍ਰਾਰਥਨਾ ਸਭਾ ਕਰਨ ਦੀਆਂ ਰਿਪੋਰਟਾਂ ਆਉਣ ਬਾਅਦ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ। ਦੋਸ਼ ਹੈ ਕਿ ਪ੍ਰਾਰਥਨਾ ਸਭਾ ਦੌਰਾਨ ਆਸਾਰਾਮ ਦੀ ਫੋਟੋ ਵੀ ਰੱਖੀ ਗਈ ਸੀ। ਉੱਤਰ ਪ੍ਰਦੇਸ਼ ਦੇ ਵਧੀਕ ਇੰਸਪੈਕਟਰ ਜਨਰਲ(ਜੇਲ੍ਹਾਂ)ਸ਼ਰਦ ਕੁਲਸ਼੍ਰੇਸ਼ਠ ਨੇ ਜਾਂਚ ਦਾ ਹੁਕਮ ਦਿੱਤਾ ਹੈ ਤੇ ਇਹ ਜਾਂਚ ਬਰੇਲੀ ਜ਼ੋਨ ਦੇ ਡੀਆਈਜੀ ਵੱਲੋਂ ਕੀਤੀ ਜਾਵੇਗੀ।