ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੇ ਕਾਂਗਰਸ ਆਗੂਆਂ ਅਭਿਸ਼ੇਕ ਮਨੂ ਸਿੰਘਵੀ ਤੇ ਜਿਓਤਿਰਾਦਿੱਤਿਆ ਸਿੰਧੀਆ ਨੇ ਅੱਜ ਏਮਜ਼ ਹਸਪਤਾਲ ਜਾ ਕੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਖ਼ਬਰਸਾਰ ਲਈ। ਸ੍ਰੀ ਜੇਤਲੀ ਪਿਛਲੇ ਕਈ ਦਿਨਾਂ ਤੋਂ ਏਮਜ਼ ਵਿੱਚ ਦਾਖ਼ਲ ਹਨ, ਜਿੱਥੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਏਮਜ਼ ਨੇ 10 ਅਗਸਤ ਮਗਰੋਂ ਅਜੇ ਤਕ ਸ੍ਰੀ ਜੇਤਲੀ ਦੀ ਸਿਹਤ ਨੂੰ ਲੈ ਕੇ ਕੋਈ ਬੁਲਿਟਨ ਜਾਰੀ ਨਹੀਂ ਕੀਤਾ। ਖ਼ਬਰ ਏਜੰਸੀ ਆਈਏਐੱਨਐੱਸ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸ੍ਰੀ ਜੇਤਲੀ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਤੇ ਉਹ ਜੀਵਨ ਰੱਖਿਅਕ ਪ੍ਰਣਾਲੀ ’ਤੇ ਹਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਭਾਜਪਾ ਦੇ ਸਤੀਸ਼ ਉਪਾਧਿਆਏ ਤੇ ਹਵਾਈ ਸੈਨਾ ਦੇ ਮੁਖੀ ਬੀਰੇਂਦਰ ਸਿੰਘ ਧਨੋਆ ਨੇ ਵੀ ਏਮਜ਼ ਪਹੁੰਚ ਕੇ ਸ੍ਰੀ ਜੇਤਲੀ ਦੀ ਸਿਹਤ ਬਾਰੇ ਪਤਾ ਕੀਤਾ। 66 ਸਾਲਾ ਆਗੂ ਨੂੰ ਜੀਵਨ ਰੱਖਿਅਕ ਪ੍ਰਣਾਲੀ ’ਤੇ ਰੱਖਿਆ ਗਿਆ ਹੈ ਤੇ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੀ ਮੁਖੀ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀ ਏਮਜ਼ ਦਾ ਦੌਰਾ ਕੀਤਾ। ਮਾਇਆਵਤੀ ਨੇ ਅੱਜ ਦੁਪਹਿਰ ਸਮੇਂ ਇਕ ਟਵੀਟ ’ਚ ਕਿਹਾ, ‘ਮੈਂ ਅੱਜ ਏਮਜ਼ ਜਾ ਕੇ ਸਾਬਕਾ ਵਿੱਤ ਤੇ ਰੱਖਿਆ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਅਰੁਣ ਜੇਤਲੀ ਦੀ ਸਿਹਤ ਬਾਰੇ ਪਤਾ ਕੀਤਾ। ਮੈਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਿਲੀ ਤੇ ਹੌਸਲਾ ਦਿੰਦਿਆਂ ਉਨ੍ਹਾਂ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ।’ ਉਧਰ ਕੇਂਦਰੀ ਸਿਹਤ ਮੰਤਰੀ ਵਰਧਨ ਨੇ ਕਿਹਾ, ‘ਏਮਜ਼ ਦੇ ਡਾਕਟਰ ਆਪਣਾ ਸੌ ਫੀਸਦ ਦੇ ਰਹੇ ਹਨ।’ ਯਾਦ ਰਹੇ ਕਿ ਲੰਘੇ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਏਮਜ਼ ਪੁੱਜ ਕੇ ਭਾਜਪਾ ਆਗੂ ਦੀ ਖ਼ਬਰਸਾਰ ਲਈ ਸੀ।
INDIA ਜੇਤਲੀ ਦੀ ਹਾਲਤ ਨਾਜ਼ੁਕ