ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ 5 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਬਣਾਏ ਗਏ ਵਟਸਐਪ ਗਰੁੱਪ ਤੋਂ ਦਿੱਲੀ ਪੁਲੀਸ ਨੇ 37 ਵਿਅਕਤੀਆਂ ਦੀ ਸ਼ਨਾਖ਼ਤ ਕਰ ਲਈ ਹੈ। ਉਧਰ ਵਿਦਿਆਰਥੀ ਯੂਨੀਅਨ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ 5 ਜਨਵਰੀ ਨੂੰ ਕੈਂਪਸ ’ਚ ਮੌਜੂਦ ਭੀੜ ਬਾਰੇ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਸੀ ਪਰ ਉਨ੍ਹਾਂ ਸੁਨੇਹਿਆਂ ਨੂੰ ਅਣਗੌਲਿਆ ਕਰ ਦਿੱਤਾ। ਇਸ ਦੌਰਾਨ ਯੂਨੀਵਰਸਿਟੀ ਨੇ ਬਾਹਰੀ ਅਤੇ ਗ਼ੈਰਕਾਨੂੰਨੀ ਢੰਗ ਨਾਲ ਹੋਸਟਲਾਂ ’ਚ ਠਹਿਰੇ ਹੋਏ ਵਿਦਿਆਰਥੀਆਂ ’ਤੇ ਨਜ਼ਰ ਰੱਖਣ ਲਈ ਸੁਰੱਖਿਆ ਦਾ ਲੇਖਾ-ਜੋਖਾ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਜਿਹੜੇ ਵਿਅਕਤੀਆਂ ਦੀ ਪਛਾਣ ਕੀਤੀ ਹੈ, ਉਹ ਖੱਬੇ ਜਾਂ ਸੱਜੇ ਕਿਸੇ ਵੀ ਜਥੇਬੰਦੀ ਨਾਲ ਨਹੀਂ ਜੁੜੇ ਹੋਏ ਹਨ। ਸੂਤਰਾਂ ਨੇ ਕਿਹਾ ਕਿ ਇਹ ਵਿਦਿਆਰਥੀ ਉਹ ਹਨ ਜਿਹੜੇ ਸਮੈਸਟਰ ਰਜਿਸਟਰੇਸ਼ਨ ਪ੍ਰਕਿਰਿਆ ਦੇ ਪੱਖ ’ਚ ਸਨ। ਸ਼ੁੱਕਰਵਾਰ ਨੂੰ ਦਿੱਲੀ ਪੁਲੀਸ ਨੇ ਕਿਹਾ ਸੀ ਕਿ ਵਟਸਐਪ ਗਰੁੱਪ ‘ਯੂਨਿਟੀ ਅਗੇਂਸਟ ਲੈਫ਼ਟ’ ਦੀ ਜਾਂਚ ਕੀਤੀ ਜਾ ਰਹੀ ਹੈ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੇ ਕਿਹਾ ਕਿ 5 ਜਨਵਰੀ ਨੂੰ ਦਿੱਲੀ ਪੁਲੀਸ ਨੂੰ ਦੁਪਹਿਰ ਬਾਅਦ ਤਿੰਨ ਵਜੇ ਸੁਨੇਹਾ ਭੇਜਿਆ ਗਿਆ ਸੀ ਜੋ 3.07 ਵਜੇ ਪੜ੍ਹਿਆ ਗਿਆ ਪਰ ਉਸ ’ਤੇ ਕੋਈ ਕਾਰਵਾਈ ਨਹੀਂ ਹੋਈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਆਰਐੱਸਐੱਸ ਨਾਲ ਸਬੰਧਤ ਏਬੀਵੀਪੀ ਦੇ ਕਾਰਕੁਨਾਂ ਨੇ ਵਿਦਿਆਰਥਣਾਂ ਅਤੇ ਯੂਨੀਅਨ ਦੇ ਅਹੁਦੇਦਾਰਾਂ ’ਤੇ ਹਮਲੇ ਕੀਤੇ। ਵਿਦਿਆਰਥੀ ਯੂਨੀਅਨ ਨੇ ਕਿਹਾ ਕਿ ਏਬੀਵੀਪੀ ਮੈਂਬਰਾਂ ਨੇ 4 ਜਨਵਰੀ ਨੂੰ ਵਿਦਿਆਰਥਣਾਂ ਨੂੰ ਕੁੱਟਿਆ ਅਤੇ ਜਦੋਂ ਯੂਨੀਅਨ ਦੇ ਜਨਰਲ ਸਕੱਤਰ ਸਤੀਸ਼ ਚੰਦਰ ਯਾਦਵ ਨੇ ਦਖ਼ਲ ਦਿੱਤਾ ਤਾਂ ਉਸ ਦਾ ਵੀ ਕੁਟਾਪਾ ਚਾੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਾਬਰਮਤੀ ਹੋਸਟਲ ’ਚ ਖਾਸ ਕਮਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਦਕਿ ਏਬੀਵੀਪੀ ਕਾਰਕੁਨਾਂ ਦੇ ਕਮਰਿਆਂ ਨੂੰ ਛੇੜਿਆ ਤੱਕ ਨਹੀਂ ਗਿਆ।
HOME ਜੇਐੱਨਯੂ ਹਿੰਸਾ: ਪੁਲੀਸ ਨੇ ਵਟਸਐਪ ਗਰੁੱਪ ਤੋਂ 37 ਵਿਦਿਆਰਥੀ ਪਛਾਣੇ